ਬੋਇਸ, 7 ਮਈ
ਅਮਰੀਕੀ ਸੂਬੇ ਇਡਾਹੋ ਦੇ ਇਕ ਮਿਡਲ ਸਕੂਲ ਵਿਚ ਛੇਵੀਂ ਜਮਾਤ ਵਿਚ ਪੜ੍ਹਦੀ ਇਕ ਲੜਕੀ ਆਪਣੇ ਮਿਡਲ ਸਕੂਲ ਵਿਚ ਬੰਦੂਕ ਲੈ ਆਈ ਤੇ ਦੋ ਵਿਦਿਆਰਥੀਆਂ ਤੇ ਇਕ ਸਾਂਭ-ਸੰਭਾਲ ਕਰਨ ਵਾਲੇ (ਕਸਟੋਡੀਅਨ) ਨੂੰ ਗੋਲੀ ਮਾਰ ਦਿੱਤੀ। ਵੀਰਵਾਰ ਵਾਪਰੀ ਘਟਨਾ ਵਿਚ ਲੜਕੀ ਤੋਂ ਉਸ ਦੇ ਅਧਿਆਪਕ ਨੇ ਹਥਿਆਰ ਖੋਹਿਆ ਤੇ ਉਸ ਨੂੰ ਰੋਕਿਆ। ਤਿੰਨਾਂ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਪੁਲੀਸ ਨੇ ਦੱਸਿਆ ਕਿ ਲੜਕੀ ਨੇ ਆਪਣੇ ਬੈਗ ਵਿਚੋਂ ਹੈਂਡਗੰਨ ਕੱਢੀ ਤੇ ਰਿਗਬੀ ਮਿਡਲ ਸਕੂਲ ਦੇ ਬਾਹਰ ਤੇ ਅੰਦਰ ਕਈ ਰਾਊਂਡ ਫਾਇਰ ਕਰ ਦਿੱਤੇ। ਰਿਗਬੀ ਸ਼ਹਿਰ ਮਸ਼ਹੂਰ ਯੈਲੋਸਟੋਨ ਨੈਸ਼ਨਲ ਪਾਰਕ ਤੋਂ ਕਰੀਬ 145 ਕਿਲੋਮੀਟਰ ਦੂਰ ਹੈ। ਪੁਲੀਸ ਨੇ ਲੜਕੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਹਮਲੇ ਦੇ ਮਕਸਦ ਬਾਰੇ ਜਾਂਚ ਕੀਤੀ ਜਾ ਰਹੀ ਹੈ। -ਏਪੀ