USA: ਕੋਨੀ ਆਈਲੈਂਡ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਬੱਚਿਆਂ ਸਮੇਤ ਅੱਠ ਲੋਕ ਜ਼ਖ਼ਮੀ
ਘਟਨਾ ਵਾਲੀ ਥਾਂ ਤੋਂ ਇੱਕ ਹਥਿਆਰ ਬਰਾਮਦ
ਨਿਊਯਾਰਕ ਦੇ ਬਰੁਕਲਿਨ ਦੇ ਕੋਨੀ ਆਈਲੈਂਡ ਵਿੱਚ ਅਮਰੀਕੀ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ ਵਿੱਚ ਚਾਰ ਬੱਚਿਆਂ ਸਮੇਤ ਘੱਟੋ-ਘੱਟ ਅੱਠ ਲੋਕ ਜ਼ਖ਼ਮੀ ਹੋ ਗਏ। ਨਿਊਯਾਰਕ ਪੁਲੀਸ ਵਿਭਾਗ (NYPD) ਨੇ ਇਹ ਜਾਣਕਾਰੀ ਦਿੱਤੀ ਹੈ।
ਪੁਲੀਸ ਵਿਭਾਗ ਦੇ ਅਨੁਸਾਰ, ਜ਼ਖ਼ਮੀਆਂ ਦੀ ਉਮਰ 6 ਤੋਂ 37 ਸਾਲ ਦੇ ਵਿਚਕਾਰ ਹੈ, ਜਦੋਂ ਕਿ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਏ ਬੀ ਸੀ ਨਿਊਜ਼ (ABC News) ਦੀ ਰਿਪੋਰਟ ਦੇ ਅਨੁਸਾਰ, ਸ਼ਨਿੱਚਰਵਾਰ ਰਾਤ ਕਰੀਬ 10:37 ਵਜੇ ਕੋਨੀ ਆਈਲੈਂਡ ਇਲਾਕੇ ਵਿੱਚ ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਪੁਲੀਸ ਮੌਕੇ 'ਤੇ ਪਹੁੰਚੀ।
ਏ ਬੀ ਸੀ ਨਿਊਜ਼ ਦੀ ਰਿਪੋਰਟ ਮੁਤਾਬਕ, ਨਿਊਯਾਰਕ ਪੁਲੀਸ ਵਿਭਾਗ ਨੇ ਕਿਹਾ, "ਸਾਰੇ ਜ਼ਖ਼ਮੀਆਂ ਨੂੰ ਐਮਰਜੈਂਸੀ ਮੈਡੀਕਲ ਸਰਵਿਸ (EMS) ਰਾਹੀਂ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ ਸੱਤ ਦੀ ਹਾਲਤ ਸਥਿਰ ਹੈ।"
ਪੁਲੀਸ ਨੇ ਦੱਸਿਆ ਕਿ ਇੱਕ 21 ਸਾਲਾ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਘਟਨਾ ਵਾਲੀ ਥਾਂ ਤੋਂ ਇੱਕ ਹਥਿਆਰ ਬਰਾਮਦ ਕੀਤਾ ਗਿਆ ਹੈ, ਪਰ ਪੁਲੀਸ ਨੇ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।
