ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕਾ ਦੇ ਸਿਹਤ ਮੰਤਰੀ ਅਲੈਕਸ ਅਜ਼ਾਰ ਤੇ ਉਨ੍ਹਾਂ ਦੇ ਤਾਇਵਾਨੀ ਹਮਰੁਤਬਾ ਚੇਨ ਸ਼ਿਨ ਚੁੰਗ ਸਮਝੌਤਾ ਸਹੀਬੰਦ ਕਰਨ ਮੌਕੇ। -ਫੋਟੋ: ਏਪੀ

ਪੇਈਚਿੰਗ, 10 ਅਗਸਤ

ਅਮਰੀਕਾ ਦੇ ਸਿਹਤ ਮੰਤਰੀ ਅਲੈਕਸ ਅਜ਼ਾਰ ਦੀ ਤਾਇਵਾਨ ਫੇਰੀ ’ਤੇ ਚੀਨ ਨੇ ਤਿੱਖਾ ਕੂਟਨੀਤਕ ਵਿਰੋਧ ਪ੍ਰਗਟਾਇਆ ਹੈ ਅਤੇ ਸ਼ਕਤੀ ਪ੍ਰਦਰਸ਼ਨ ਵਜੋਂ ਤਾਇਵਾਨ ਦੇ ਹਵਾਈ ਖੇਤਰ ਤੋਂ ਆਪਣੇ ਲੜਾਕੂ ਜਹਾਜ਼ ਲੰਘਾਏ ਹਨ। ਦੱਸਣਯੋਗ ਹੈ ਕਿ ਪਿਛਲੇ ਚਾਰ ਦਹਾਕਿਆਂ ਵਿੱਚ ਅਮਰੀਕਾ ਦੇ ਕਿਸੇ ਸਿਖਰਲੇ ਅਧਿਕਾਰੀ ਦੀ ਇਹ ਪਹਿਲੀ ਤਾਇਵਾਨ ਫੇਰੀ ਹੈ।

ਅਜ਼ਾਰ ਨੇ ਆਪਣੀ ਤਿੰਨ ਰੋਜ਼ਾ ਫੇਰੀ ਦੀ ਸ਼ੁਰੂਆਤ ਤਾਇਵਾਨ ਦੀ ਰਾਸ਼ਟਰਪਤੀ ਤਾਇ ਇੰਗ-ਵਿਨ ਨਾਲ ਮੁਲਾਕਾਤ ਕਰਕੇ ਕੀਤੀ। ਖ਼ੁਦਮੁਖਤਿਆਰ ਟਾਪੂ ਤਾਇਵਾਨ ਨੂੰ ਆਪਣਾ ਹਿੱਸਾ ਮੰਨਣ ਵਾਲਾ ਚੀਨ ਕਿਸੇ ਵੀ ਉੱਚ-ਪੱਧਰੀ ਵਿਦੇਸ਼ੀ ਆਗੂ ਦੀ ਤਾਇਵਾਨ ਦੇ ਆਗੂਆਂ ਨਾਲ ਮੁਲਾਕਾਤ ਦਾ ਖੁੱਲ੍ਹੇਆਮ ਵਿਰੋਧ ਕਰਦਾ ਹੈ। ਅਜ਼ਾਰ ਦੀ ਤਾਇਵਾਨ ਫੇਰੀ ਉਸ ਵੇਲੇ ਪਾਈ ਗਈ ਹੈ ਜਦੋਂ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਬਣਿਆ ਹੋਇਆ ਹੈ। ਚੀਨ ਤੋਂ ਤਾਇਵਾਨ ਦੀ ਸੁਤੰਤਰਤਾ ਦੀ ਹਾਮੀ ਰਾਸ਼ਟਰਪਤੀ ਤਾਇ ਇੰਗ-ਵਿਨ ਨੇ ਕਿਹਾ ਕਿ ਅਜ਼ਾਰ ਦੀ ਇਸ ਫੇਰੀ ਨਾਲ ਤਾਇਵਾਨ-ਅਮਰੀਕਾ ਸਬੰਧਾਂ ਦੀ ਨਵੀਂ ਸ਼ੁਰੂਆਤ ਹੋਵੇਗੀ। ਉਨ੍ਹਾਂ ਵਾਸ਼ਿੰਗਟਨ ਅਤੇ ਤਾਇਪੇਈ ਵਿਚਾਲੇ ਸਹਿਯੋਗ ਦੀਆਂ ਵਧੇਰੇ ਸੰਭਾਵਨਾਵਾਂ ਦੀ ਇੱਛਾ ਜਤਾਈ। ਪੇਈਚਿੰਗ ਨੇ ਇਸ ਫੇਰੀ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇਸ ਫੇਰੀ ਨਾਲ ਅਮਰੀਕਾ ਨੇ ‘ਵਨ-ਚਾਇਨਾ ਪਾਲਿਸੀ’ (ਇਸ ਨੀਤੀ ਤਹਿਤ ਤਾਇਵਾਨ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ) ਪ੍ਰਤੀ ਵਚਨਬੱਧਤਾ ਦੀ ਉਲੰਘਣਾ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਹਾਓ ਲਿਜੀਆਨ ਨੇ ਕਿਹਾ ਕਿ ਅਮਰੀਕਾ ਅਤੇ ਤਾਇਵਾਨ ਵਿਚਾਲੇ ਅਧਿਕਾਰਤ ਰਿਸ਼ਤਿਆਂ ਦਾ ਚੀਨ ਕਰੜਾ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਅਮਰੀਕਾ ਕੋਲ ਸਖ਼ਤ ਵਿਰੋਧ ਪ੍ਰਗਟਾਇਆ ਹੈ। ਮੈਂ ਫਿਰ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਤਾਇਵਾਨ ਦਾ ਸਵਾਲ ਚੀਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚਾਲੇ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ।’’ -ਪੀਟੀਆਈ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All