US imposes sanctions on Iran: ਅਮਰੀਕਾ ਨੇ ਇਰਾਨ ਹਮਾਇਤੀ 60 ਸੰਸਥਾਵਾਂ ’ਤੇ ਪਾਬੰਦੀ ਲਗਾਈ
ਅਮਰੀਕੀ ਬਲਾਂ ਤੇ ਸਹਿਯੋਗੀਆਂ ਖ਼ਿਲਾਫ਼ ਹਮਲਿਆਂ ’ਚ ਮਦਦ ਕਰਨ ਦਾ ਦੋਸ਼ ਲਾਇਆ
ਅਮਰੀਕਾ ਨੇ ਬੀਤੇ ਦਿਨ ਇਰਾਨ ਦੀਆਂ ਫ਼ੌਜੀ ਗਤੀਵਿਧੀਆਂ, ਖ਼ਰੀਦ ਨੈੱਟਵਰਕਾਂ ਅਤੇ ਪੈਟਰੋਲੀਅਮ ਤੇ ਪੈਟਰੋਕੈਮੀਕਲ ਵਪਾਰ ਨਾਲ ਕਥਿਤ ਸਬੰਧਾਂ ਦੇ ਦੋਸ਼ ਹੇਠ ਤਕਰੀਬਨ 60 ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ ’ਤੇ ‘ਅਪਰੇਸ਼ਨ ਇਕਨੌਮਿਕ ਆਊਟਕਾਸਟ’ ਤਹਿਤ ਪਾਬੰਦੀਆਂ ਲਾ ਦਿੱਤੀਆਂ ਹਨ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਹੈ।
ਵਿਭਾਗ ਦੇ ਬੁਲਾਰੇ ਦੇ ਦਫ਼ਤਰ ਵੱਲੋਂ ਜਾਰੀ ਤੱਥ ਸੂਚੀ ਵਿੱਚ ਵਿਦੇਸ਼ ਵਿਭਾਗ ਨੇ ਕਿਹਾ ਕਿ ਇਨ੍ਹਾਂ ਪਾਬੰਦੀਆਂ ਦਾ ਮਕਸਦ ‘ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਬੇਨਕਾਬ ਕਰਨਾ ਹੈ ਜਿਨ੍ਹਾਂ ਅਮਰੀਕੀ ਬਲਾਂ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਹਮਲਿਆਂ ’ਚ ਮਦਦ ਕੀਤੀ ਅਤੇ ਉਸ ਆਮਦਨ ਨੂੰ ਸੀਮਤ ਕਰਨਾ ਹੈ ਜਿਸ ਦੀ ਵਰਤੋਂ ਇਰਾਨੀ ਹਕੂਮਤ ਆਪਣੇ ਗੁਆਂਢੀਆਂ ’ਤੇ ਹਮਲਾ ਕਰਨ, ਵਿਦੇਸ਼ਾਂ ਵਿੱਚ ਅਤਿਵਾਦ ਦੀ ਹਮਾਇਤ ਕਰਨ, ਆਪਣੇ ਹੀ ਲੋਕਾਂ ’ਤੇ ਜ਼ੁਲਮ ਕਰਨ ਅਤੇ ਆਲਮੀ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਣ ਲਈ ਕਰਦੀ ਹੈ।’’
ਇਨ੍ਹਾਂ ਉਪਾਵਾਂ ਤਹਿਤ ਅਮਰੀਕਾ ਨੇ ‘ਡਾਡੇਨੇਗਰ ਸਟਾਰਟਅਪ ਸਟੂਡੀਓ’ ਨੂੰ ਨਾਮਜ਼ਦ ਕੀਤਾ ਹੈ। ਅਮਰੀਕਾ ਨੇ ਦੋਸ਼ ਲਾਇਆ ਕਿ ਇਸ ਕੰਪਨੀ ਨੇ ਇਰਾਨੀ ਸੈਨਾ ਦੀ ਮਦਦ ਲਈ ਚੀਨ ਦੀਆਂ ਕਮਰਸ਼ੀਅਲ ਸੈਟੇਲਾਈਨ ਤਸਵੀਰਾਂ ਹਾਸਲ ਕੀਤੀਆਂ ਸਨ।
ਪਾਬੰਦੀਆਂ ਦਾ ਜਵਾਬ ਦੇਵਾਂਗੇ: ਇਰਾਨ
ਕਾਹਿਰਾ: ਇਰਾਨ ਨੇ ਅਮਰੀਕਾ ਵੱਲੋਂ ਲਾਈਆਂ ਆਰਥਿਕ ਪਾਬੰਦੀਆਂ ਦਾ ਜਵਾਬ ਦੇਣ ਦਾ ਐਲਾਨ ਕੀਤਾ ਹੈ। ਇਰਾਨ ਦੇ ਵਿੱਤ ਮੰਤਰੀ ਅਲੀ ਮਦਨੀਜ਼ਾਦੇਹ ਨੇ ਕਿਹਾ, ‘‘ਅਸੀਂ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।’’ ਉਨ੍ਹਾਂ ਸਰਕਾਰੀ ਟੀ ਵੀ ’ਤੇ ਕਿਹਾ, ‘‘ਸੁਭਾਵਕ ਹੈ ਕਿ ਦੁਸ਼ਮਣ ਸਾਡੇ ’ਤੇ ਵਿੱਤੀ ਹਮਲੇ ਕਰਨਾ ਚਾਹੁੰਦਾ ਹੈ ਪਰ ਸਾਡੇ ਕੋਲ ਆਪਣੇ ਢੰਗ ਹਨ ਅਤੇ ਅਸੀਂ ਜਾਣਦੇ ਹਾਂ ਖੇਡ ਕਿਸ ਤਰ੍ਹਾਂ ਖੇਡਣੀ ਹੈ। ਸਾਡੀ ਰੱਖਿਆ ਨੀਤੀ ਹੁਣ ਸਿਰਫ਼ ਬਚਾਅ ਤੱਕ ਸੀਮਤ ਨਹੀਂ ਹੈ; ਦੁਸ਼ਮਣਾਂ ਨੂੰ ਹਮਲਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।’’ -ਰਾਇਟਰਜ਼
ਹਰਮੁਜ਼ ਜਲ ਮਾਰਗ ’ਚ ਤੇਲ ਟੈਂਕਰ ’ਤੇ ਹਮਲਾ
ਦੁਬਈ: ਓਮਾਨ ਦੇ ਸਾਹਿਲ ’ਤੇ ਹਰਮੁਜ਼ ਜਲ ਮਾਰਗ ’ਚ ਤੇਲ ਟੈਂਕਰ ’ਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਹੈ। ਬਰਤਾਨਵੀ ਫ਼ੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਅਨੁਸਾਰ ਤੇਲ ਟੈਂਕਰ ’ਤੇ ਲੰਘੀ ਰਾਤ ਓਮਾਨ ਦੇ ਪੂਰਬੀ ਸਾਹਿਲ ਤੋਂ ਕੁਝ ਮੀਲ ਦੂਰ ਹਮਲਾ ਹੋਇਆ। ਅਣਪਛਾਤੀ ਮਿਜ਼ਾਈਲ ਨੇ ਜਹਾਜ਼ ਦੇ ਇੰਜਣ ਨੂੰ ਨੁਕਸਾਨ ਪਹੁੰਚਾਇਆ ਪਰ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ। -ਏਪੀ
ਭਾਰਤ ਸਥਿਤ ਚਾਰ ਕੰਪਨੀਆਂ ’ਤੇ ਪਾਬੰਦੀ ਲਾਈ
ਵਾਸ਼ਿੰਗਟਨ: ਅਮਰੀਕਾ ਨੇ ਇਰਾਨ ਤੋਂ ਪੈਟਰੈਲੀਅਮ ਅਤੇ ਪੈਟਰੋਰਸਾਇਣ ਉਤਪਾਦਾਂ ਦੀ ਦਰਾਮਦ ਦੇ ਮਾਮਲੇ ’ਚ ਭਾਰਤ ਸਥਿਤ ਚਾਰ ਕੰਪਨੀਆਂ ਖ਼ਿਲਾਫ਼ ਪਾਬੰਦੀਆਂ ਲਾਈਆਂ ਹਨ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਇਰਾਨ ਨੂੰ ਵਿੱਤੀ ਤੌਰ ’ਤੇ ਅਲੱਗ-ਥਲੱਗ ਕਰਨ ਲਈ ਬੀਤੇ ਦਿਨ ‘ਅਪਰੇਸ਼ਨ ਇਕਨੌਮਿਕ ਆਊਟਕਾਸਟ’ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਹੋਰਨਾਂ ਦੇਸ਼ਾਂ ਨੂੰ ਵੀ ਇਰਾਨ ਨਾਲ ਆਪਣੇ ਵਿੱਤੀ ਸਬੰਧ ਖ਼ਤਮ ਕਰਨ ਲਈ ਕਿਹਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਮੁਹੰਮ ਦੀ ਜ਼ੱਦ ’ਚ ਆਉਣ ਵਾਲੀਆਂ ਭਾਰਤ ਸਥਿਤ ਕੰਪਨੀਆਂ ’ਚ ਪੋਰਟੀਜ਼ ਪਾਰਟਨਰਜ਼ ਐੱਲ ਐੱਲ ਪੀ ਤੇ ਇਸ ਦੀਆਂ ਭਾਈਵਾਲ ਇੰਦਰਿਸਮੀਆ ਅਸ਼ਰਫਮੀਆ ਸ਼ੇਖ ਅਤੇ ਹਰੀਸ਼ ਰਾਮਚੰਦਰ ਰੰਗੀ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਦਾਸ਼ਿਵ ਓਵਰਸੀਜ਼ ਲਿਮਟਿਡ, ਪੀ ਪੀ ਸਾਫਟਟੈੱਕ ਪ੍ਰਾਈਵੇਟ ਲਿਮਟਿਡ ਤੇ ਪ੍ਰਾਕ੍ਰਿਤਕ ਇਨਫਰਾ ਇੰਪੈਕਸ ਪ੍ਰਸ਼ਾਂਤ ਗਰਗ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। -ਪੀਟੀਆਈ

