US immigration changes for Indians ਅਮਰੀਕਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਤੇ ਪੱਤਰਕਾਰਾਂ ਲਈ ਨਿਯਮ ਸਖ਼ਤ
ਬਿਨਾਂ ਸਰਕਾਰੀ ਨਿਗਰਾਨੀ ਦੇ ਮੁਲਕ ਅੰਦਰ ਅਣਮਿੱਥੇ ਸਮੇਂ ਤੱਕ ਰਹਿਣ ਦੀ ਨੀਤੀ ਖ਼ਤਮ
ਅਮਰੀਕਾ ਨੇ ਵਿਦੇਸ਼ੀ ਵਿਦਿਆਰਥੀਆਂ, ਪੱਤਰਕਾਰਾਂ ਅਤੇ ਵਟਾਂਦਰਾ ਪ੍ਰੋਗਰਾਮ ਤਹਿਤ ਆਉਣ ਵਾਲੇ ਲੋਕਾਂ ਲਈ ਵੀਜ਼ਾ ਨਿਯਮ ਸਖ਼ਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਦਹਾਕਿਆਂ ਪੁਰਾਣੀ ਉਹ ਨੀਤੀ ਖ਼ਤਮ ਹੋ ਗਈ ਹੈ ਜਿਸ ਤਹਿਤ ਉਹ ਬਿਨਾਂ ਸਰਕਾਰੀ ਨਿਗਰਾਨੀ ਦੇ ਦੇਸ਼ ਅੰਦਰ ਅਣਮਿੱਥੇ ਸਮੇਂ ਤੱਕ ਰਹਿ ਸਕਦੇ ਸਨ। ਇਸ ਕਦਮ ਨਾਲ ਵੱਡੀ ਗਿਣਤੀ ਭਾਰਤੀਆਂ ’ਤੇ ਅਸਰ ਪੈਣ ਦਾ ਖ਼ਦਸ਼ਾ ਹੈ।
ਅਮਰੀਕਾ ਦੇ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਨਵੇਂ ਨਿਯਮਾਂ ਤਹਿਤ ਐੱਫ, ਜੇ ਅਤੇ ਆਈ ਸ਼੍ਰੇਣੀ ਦੇ ਗ਼ੈਰ-ਪਰਵਾਸੀ ਵੀਜ਼ਾ ਧਾਰਕਾਂ ਲਈ ਦੇਸ਼ ’ਚ ਰਹਿਣ ਦੀ ਖ਼ਾਸ ਮਿਆਦ ਤੈਅ ਕੀਤੀ ਹੈ। ‘ਐੱਫ’ ਸ਼੍ਰੇਣੀ ਦਾ ਵੀਜ਼ਾ ਵਿਦਿਆਰਥੀਆਂ ਲਈ, ‘ਜੇ’ ਸ਼੍ਰੇਣੀ ਦਾ ਵੀਜ਼ਾ ਵਟਾਂਦਰਾ ਪ੍ਰੋਗਰਾਮ ਤਹਿਤ ਆਉਣ ਵਾਲਿਆਂ ਲਈ ਅਤੇ ‘ਆਈ’ ਸ਼੍ਰੇਣੀ ਦਾ ਵੀਜ਼ਾ ਪੱਤਰਕਾਰਾਂ ਲਈ ਹੁੰਦਾ ਹੈ।
ਇਸ ਨਿਯਮ ਤਹਿਤ ‘ਐੱਫ’ ਸ਼੍ਰੇਣੀ ਦੇ ਵੀਜ਼ਾ ਧਾਰਕਾਂ ਲਈ ਗ੍ਰੈਜੂਏਸ਼ਨ ਤੋਂ ਬਾਅਦ ਦੇਸ਼ ਛੱਡਣ, ਸਕੂਲ ਬਦਲਣ ਜਾਂ ਆਪਣੀ ਵੀਜ਼ਾ ਸਥਿਤੀ ਵਿੱਚ ਤਬਦੀਲੀ ਕਰਨ ਲਈ ਮਿਲਣ ਵਾਲੇ ਸਮੇਂ ਨੂੰ 60 ਦਿਨਾਂ ਤੋਂ ਘਟਾ ਕੇ 30 ਦਿਨ ਕਰ ਦਿੱਤਾ ਗਿਆ ਹੈ। ਮੀਡੀਆ ਦੇ ਮੈਂਬਰਾਂ ਲਈ ‘ਆਈ’ ਵੀਜ਼ਾ ਦੀ ਮਿਆਦ ਵੱਧ ਤੋਂ ਵੱਧ 240 ਦਿਨ ਅਤੇ ਚੀਨੀ ਨਾਗਰਿਕਾਂ ਲਈ 90 ਦਿਨ ਹੋਵੇਗੀ। ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਵਿਦਿਆਰਥੀਆਂ (‘ਐੱਫ’ ਸ਼੍ਰੇਣੀ ਦੇ ਵੀਜ਼ਾ) ਅਤੇ ਵਟਾਂਦਰਾ ਪ੍ਰੋਗਰਾਮ ਤਹਿਤ ਆਉਣ ਵਾਲੇ ਲੋਕਾਂ (‘ਜੇ’ ਸ਼੍ਰੇਣੀ ਦੇ ਵੀਜ਼ਾ) ਨੂੰ ਉਨ੍ਹਾਂ ਦੇ ਖ਼ਾਸ ਪ੍ਰੋਗਰਾਮ ਦੀ ਮਿਆਦ ਲਈ ਦਾਖ਼ਲਾ ਦਿੱਤਾ ਜਾਵੇਗਾ, ਪਰ ਇਹ ਮਿਆਦ ਚਾਰ ਸਾਲਾਂ ਤੋਂ ਵੱਧ ਨਹੀਂ ਹੋਵੇਗੀ।

