ਤਹਿਰਾਨ ਵੱਲੋਂ ਅਮਰੀਕੀ ਡਰੋਨ ਡੇਗਣ ਦੇ ਕੁਝ ਦਿਨਾਂ ਮਗਰੋਂ ਵਾਸ਼ਿੰਗਟਨ ਨੇ ਇਰਾਨ ਦੇ ਡਰੋਨ ਟਿਕਾਣਿਆਂ ’ਤੇ ਬੰਬਾਰੀ ਕੀਤੀ। ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਕੁਵੈਤ ’ਚ ਅਮਰੀਕੀ ਬੇਸ ਨੂੰ ਨਿਸ਼ਾਨਾ ਬਣਾਇਆ। ਇਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗਬੰਦੀ ਦਰਮਿਆਨ ਅਜਿਹੇ ਇੱਕਾ-ਦੁੱਕਾ ਹਮਲੇ ਜਾਰੀ ਹਨ। ਉਂਝ ਦੋਵੇਂ ਮੁਲਕਾਂ ਦੇ ਆਗੂ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ’ਚ ਹਨ।
ਅਮਰੀਕੀ ਫ਼ੌਜੀ ਕੇਂਦਰੀ ਕਮਾਂਡ ਨੇ ਕਿਹਾ ਕਿ ਉਨ੍ਹਾਂ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਗੇਰੁਕ ਅਤੇ ਕੇਸ਼ਮ ਟਾਪੂ ਦੇ ਆਲੇ-ਦੁਆਲੇ ਹਮਲੇ ਕੀਤੇ ਹਨ। ਕੇਂਦਰੀ ਕਮਾਂਡ ਨੇ ਮੰਨਿਆ ਕਿ ਇਰਾਨ ਵੱਲੋਂ ਕੌਮਾਂਤਰੀ ਪਾਣੀਆਂ ’ਚ ਸੰਚਾਲਿਤ ਯੂ ਐੱਸ ਐੱਮ ਕਿਊ-1 ਡਰੋਨ ਡੇਗੇ ਜਾਣ ਸਮੇਤ ਹੋਰ ਹਮਲਾਵਰ ਰੁਖ਼ ਦੇ ਜਵਾਬ ’ਚ ਇਹ ਹਮਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਲੜਾਕੂ ਜਹਾਜ਼ਾਂ ਨੇ ਇਰਾਨੀ ਹਵਾਈ ਰੱਖਿਆ ਪ੍ਰਣਾਲੀ, ਇਕ ਗਰਾਊਂਡ ਕੰਟਰੋਲ ਸਟੇਸ਼ਨ ਅਤੇ ਦੋ ਵਨ-ਵੇਅ ਆਤਮ-ਘਾਤੀ ਡਰੋਨਾਂ ਨੂੰ ਤਬਾਹ ਕੀਤਾ ਹੈ ਜੋ ਖੇਤਰੀ ਪਾਣੀਆਂ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਲਈ ਸਪੱਸ਼ਟ ਖ਼ਤਰਾ ਸਨ। ਉੱਧਰ, ਕੁਵੈਤ ਨੇ ਕਿਹਾ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸੋਮਵਾਰ ਤੜਕੇ ਆਉਣ ਵਾਲੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਰੋਕਣ ਲਈ ਫਾਇਰਿੰਗ ਕੀਤੀ।
ਇਸ ਦੌਰਾਨ ਇਰਾਨੀ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਉਸ ਨੇ ਅਮਰੀਕੀ ਹਮਲੇ ਦਾ ਜਵਾਬ ਦਿੱਤਾ ਹੈ, ਇਹ ਨਹੀਂ ਦੱਸਿਆ ਕਿ ਇਹ ਹਮਲਾ ਕਿੱਥੇ ਕੀਤਾ ਗਿਆ। ਸਰਕਾਰੀ ਖ਼ਬਰ ਏਜੰਸੀ ਇਰਨਾ ਮੁਤਾਬਕ ਅਮਰੀਕੀ ਫ਼ੌਜ ਨੇ ਦੂਰਸੰਚਾਰ ਟਾਵਰ ਨੂੰ ਨਿਸ਼ਾਨਾ ਬਣਾਇਆ ਸੀ।
ਨੇਤਨਯਾਹੂ ਵੱਲੋਂ ਬੈਰੂਤ ’ਤੇ ਚੜ੍ਹਾਈ ਦੇ ਹੁਕਮ
ਬੈਰੂਤ: ਇਜ਼ਰਾਇਲੀ ਸਰਕਾਰ ਨੇ ਬੈਰੂਤ ਦੇ ਦੱਖਣੀ ਇਲਾਕਿਆਂ ’ਚ ਹਮਲਿਆਂ ਦੇ ਹੁਕਮ ਦਿੱਤੇ ਹਨ। ਸਾਹਿਲੀ ਸ਼ਹਿਰ ਹਾਇਫਾ ਦੇ ਬਾਹਰਲੇ ਇਲਾਕਿਆਂ ਸਮੇਤ ਉੱਤਰੀ ਇਜ਼ਰਾਈਲ ’ਚ ਹਿਜ਼ਬੁੱਲਾ ਵੱਲੋਂ ਰਾਕੇਟ ਦਾਗ਼ੇ ਜਾਣ ਮਗਰੋਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਸਰਾਈਲ ਕਾਟਜ਼ ਨੇ ਹਮਲਿਆਂ ਦੇ ਹੁਕਮ ਦਿੱਤੇ। ਦੋਵੇਂ ਆਗੂਆਂ ਦਾ ਕਹਿਣਾ ਹੈ ਕਿ ਹਿਜ਼ਬੁੱਲਾ ਗੋਲੀਬੰਦੀ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ। ਉੱਧਰ, ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਲੈਬਨਾਨ ਵੀ ਜੰਗਬੰਦੀ ’ਚ ਸ਼ਾਮਲ ਹੈ ਅਤੇ ਜੇ ਇਜ਼ਰਾਈਲ ਉਲੰਘਣਾ ਕਰਦਾ ਹੈ ਤਾਂ ਉਹ ਸਿੱਟਿਆਂ ਲਈ ਜ਼ਿੰਮੇਵਾਰ ਹੋਵੇਗਾ।

