Ukraine ਨੇ St. Petersburg ਨੂੰ ਮੁੜ ਨਿਸ਼ਾਨਾ ਬਣਾਇਆ
ਪੂਤਿਨ ਵੱਲੋਂ ਜ਼ੇਲੈਂਸਕੀ ਦੀ ਸਿੱਧੀ ਗੱਲਬਾਤ ਦੀ ਪੇਸ਼ਕਸ਼ ਨੂੰ ਠੁਕਰਾਏ ਜਾਣ ਮਗਰੋਂ ਹਮਲੇ ਕੀਤੇ
ਰੂਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੇਂਟ ਪੀਟਰਜ਼ਬਰਗ ’ਤੇ ਯੂਕਰੇਨ ਵੱਲੋਂ ਅੱਜ ਕੀਤੇ ਗਏ ਵੱਡੇ ਡਰੋਨ ਹਮਲੇ ਤੋਂ ਬਾਅਦ ਉੱਥੋਂ ਦੇ ਵਸਨੀਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਹ ਹਮਲਾ ਰੂਸ ਦੇ ਅੰਦਰੂਨੀ ਇਲਾਕਿਆਂ ਵਿੱਚ ਕਾਫ਼ੀ ਦੂਰ ਤੱਕ ਮਾਰ ਕਰਨ ਦੀ ਕੀਵ ਦੀ ਵਧ ਰਹੀ ਸਮਰੱਥਾ ਨੂੰ ਦਰਸਾਉਂਦਾ ਹੈ। ਇਹ ਹਮਲਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਆਪਣੇ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਨ ਦੀ ਪੇਸ਼ਕਸ਼ ਨੂੰ ਠੁਕਰਾਏ ਜਾਣ ਤੋਂ ਇੱਕ ਦਿਨ ਬਾਅਦ ਹੋਇਆ ਹੈ।
ਸੇਂਟ ਪੀਟਰਜ਼ਬਰਗ ਦੇ ਗਵਰਨਰ ਅਲੈਗਜ਼ੈਂਡਰ ਬੇਗਲੋਵ ਨੇ ਨਾਗਰਿਕਾਂ ਨੂੰ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਵਿੱਚ ਵਿਘਨ ਪੈਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਦੂਜੇ ਪਾਸੇ, ਖੇਤਰੀ ਗਵਰਨਰ ਅਲੈਗਜ਼ੈਂਡਰ ਦ੍ਰੋਜ਼ਦੈਂਕੋ ਨੇ ਦੱਸਿਆ ਕਿ ਆਲੇ-ਦੁਆਲੇ ਦੇ ਲੈਨਿਨਗਰਾਦ ਖੇਤਰ ਵਿੱਚ 141 ਡਰੋਨਾਂ ਨੂੰ ਮਾਰ ਸੁੱਟਿਆ ਗਿਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਕੁੱਲ 376 ਯੂਕਰੇਨੀ ਡਰੋਨਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਦੂਜੇ ਪਾਸੇ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਕੱਲ੍ਹ ਰਾਤ, ਸਾਡੇ ਡਰੋਨਾਂ ਨੇ ਸੇਂਟ ਪੀਟਰਜ਼ਬਰਗ ਖੇਤਰ ਤੱਕ ਲਗਪਗ 1,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ, ਜਿੱਥੇ ਦੁਸ਼ਮਣ ਦੀ ਜਲ ਸੈਨਾ ਦੇ ਹਥਿਆਰਾਂ ਦੇ ਭੰਡਾਰ ਅਤੇ ਕ੍ਰੋਨਸ਼ਟੈਡ ਵਿੱਚ ਸਥਿਤ ਫ਼ੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ।’’

