Ukraine Energy Attacks: ਰੂਸੀ ਊਰਜਾ ਟਿਕਾਣਿਆਂ ’ਤੇ ਯੂਕਰੇਨ ਦੇ ਹਮਲੇ
ਕੀਵ ਨੇ ਰੂਸ ਦੇ ਪਰਮਾਣੂ ਪਲਾਂਟ ’ਤੇ ਹਮਲੇ ਦਾ ਦਾਅਵਾ ਨਕਾਰਿਆ
ਯੂਕਰੇਨ ਨੇ ਲੰਘੀ ਸਾਰੀ ਰਾਤ ਰੂਸ ਦੇ ਊਰਜਾ ਸਥਾਨਾਂ ’ਤੇ ਨਵੇਂ ਹਮਲੇ ਕੀਤੇ ਹਨ ਪਰ ਕੀਵ ਨੇ ਰੂਸ ਦਾ ਦਾਅਵਾ ਨਕਾਰ ਦਿੱਤਾ ਹੈ ਕਿ ਯੂਕਰੇਨੀ ਡਰੋਨ ਨੇ ਕਰੈਮਲਿਨ ਦੇ ਕਬਜ਼ੇ ਹੇਠਲੇ ਮੁੱਖ ਪਰਮਾਣੂ ਪਲਾਂਟ ’ਤੇ ਹਮਲਾ ਕੀਤਾ ਹੈ। ਰੂਸ ਦੇ ਦੱਖਣ-ਪੱਛਮੀ ਰੋਸਤੋਵ ਖੇਤਰ ਦੇ ਗਵਰਨਰ ਯੂਰੀ ਸਲਿਊਸਰ ਨੇ ਅੱਜ ਟੈਲੀਗ੍ਰਾਮ ’ਤੇ ਦੱਸਿਆ ਕਿ ਡਰੋਨ ਦੇ ਮਲਬੇ ਕਾਰਨ ਈਂਧਣ ਭੰਡਾਰਨ ਸਹੂਲਤ ਵਿੱਚ ਅੱਗ ਲੱਗ ਗਈ। ਨੇੜਲੇ ਘਰਾਂ ’ਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਗਵਰਨਰ ਰੋਮਨ ਬੁਸਾਰਗਿਨ ਅਨੁਸਾਰ ਡਰੋਨਾਂ ਨੇ ਦੱਖਣ-ਪੱਛਮੀ ਰੂਸ ਦੇ ਸਾਰਾਤੋਵ ਸੂਬੇ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਰੂਸੀ ਨਿਊਜ਼ ਚੈਨਲ ‘ਅਸਤਰਾ’ ਨੇ ਦੱਸਿਆ ਕਿ ਖੇਤਰੀ ਰਾਜਧਾਨੀ ਸਾਰਾਤੋਵ ਵਿੱਚ ਤੇਲ ਰਿਫਾਇਨਰੀ ਨੂੰ ਅੱਗ ਲੱਗ ਗਈ ਹੈ। ਯੂਕਰੇਨ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਰੂਸ ਦੀਆਂ ਤੇਲ ਅਤੇ ਗੈਸ ਸਹੂਲਤਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨ ਦਾ ਤਰਕ ਹੈ ਕਿ ਊਰਜਾ ਖੇਤਰ ਮਾਸਕੋ ਦੇ 4 ਸਾਲਾਂ ਤੋਂ ਵੱਧ ਪੁਰਾਣੇ ਹਮਲੇ ਲਈ ਫੰਡ ਅਤੇ ਸਿੱਧੇ ਤੌਰ ’ਤੇ ਈਂਧਣ ਦੋਵੇਂ ਮੁਹੱਈਆ ਕਰਵਾਉਂਦਾ ਹੈ। ਇਸ ਦੌਰਾਨ ਕੀਵ ਨੇ ਰੂਸ ਦੇ ਉਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ ਕਿ ਯੂਕਰੇਨੀ ਡਰੋਨ ਨੇ ਰੂਸ ਦੇ ਕਬਜ਼ੇ ਵਾਲੇ ਜ਼ਾਪੋਰਿਜ਼ੀਆ ਪਰਮਾਣੂ ਪਲਾਂਟ ’ਤੇ ਹਮਲਾ ਕੀਤਾ ਹੈ ਜੋ ਯੂਕਰੇਨ ਅਤੇ ਯੂਰੋਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਹੈ। ਰੂਸੀ ਸੈਨਾ ਨੇ ਯੁੱਧ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਇਸ ਪਲਾਂਟ ’ਤੇ ਕਬਜ਼ਾ ਕਰ ਲਿਆ ਸੀ ਅਤੇ ਇਹ ਦੱਖਣੀ ਜ਼ਾਪੋਰਿਜ਼ੀਆ ਖੇਤਰ ਵਿੱਚ ਜੰਗ ਦੇ ਮੋਰਚੇ ਨੇੜੇ ਸਥਿਤ ਹੈ। ਇਹ ਉਨ੍ਹਾਂ ਚਾਰ ਖੇਤਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਰੂਸ ਨੇ ਪੂਰਾ ਫ਼ੌਜੀ ਕੰਟਰੋਲ ਨਾ ਹੋਣ ਜਾਂ ਆਪਣੀਆਂ ਕਾਰਵਾਈਆਂ ਲਈ ਕੌਮਾਂਤਰੀ ਮਾਨਤਾ ਨਾ ਹੋਣ ਦੇ ਬਾਵਜੂਦ ਰਸਮੀ ਤੌਰ ’ਤੇ ਆਪਣੇ ਨਾਲ ਮਿਲਾ ਲਿਆ ਹੈ।

