ਨਸ਼ਿਆਂ ਦੀ ਵੱਡੇ ਪੱਧਰ ’ਤੇ ਤਸਕਰੀ ਦੇ ਮਾਮਲੇ ’ਚ ਭਾਰਤੀ ਮੂਲ ਦੇ ਵਿਅਕਤੀ ਸਮੇਤ ਗਰੋਹ ਦੇ ਪੰਜ ਮੈਂਬਰਾਂ ਨੂੰ ਕੁੱਲ 84 ਵਰ੍ਹਿਆਂ ਦੀ ਸਜ਼ਾ ਸੁਣਾਈ ਗਈ ਹੈ। ਬਰਮਿੰਘਮ ਦੇ 30 ਵਰ੍ਹਿਆਂ ਦੇ ਜਗਜੀਤ ਸਿੰਘ ਨੂੰ ਸਾਢੇ 10 ਸਾਲ ਜੇਲ੍ਹ ਦੀ ਸਜ਼ਾ ਹੋਈ ਹੈ। ਉਸ ’ਤੇ ਲੱਖਾਂ ਪੌਂਡ ਦੇ ਮੁੱਲ ਦੇ ਪਾਬੰਦੀਸ਼ੁਦਾ ਨਸ਼ੇ ਲੰਡਨ ’ਚ ਸਪਲਾਈ ਕਰਨ ਦੇ ਦੋਸ਼ ਲੱਗੇ ਹਨ। ਜਾਂਚ ਦੌਰਾਨ 300 ਕਿਲੋ ਤੋਂ ਵੱਧ ਕੋਕੀਨ ਅਤੇ 60 ਕਿਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਗਈ ਸੀ ਜਿਸ ਦੀ ਅਦਾਜ਼ਨ ਕੀਮਤ 80 ਲੱਖ ਪੌਂਡ ਆਂਕੀ ਗਈ ਹੈ।
ਗਰੋਗ ਦੇ ਮੈਂਬਰਾਂ ਨੂੰ ਕਿੰਗਸਟਨ ਕ੍ਰਾਊਨ ਅਦਾਲਤ ’ਚ ਵੀਰਵਾਰ ਨੂੰ ਸਜ਼ਾ ਸੁਣਾਈ ਗਈ। ਜਗਜੀਤ ਸਿੰਘ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ ਮੁਕੱਦਮੇ ਦੇ ਪਹਿਲੇ ਦਿਨ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਤਫ਼ਤੀਸ਼ ਦੀ ਅਗਵਾਈ ਕਰਨ ਵਾਲੇ ਸਪੈਸ਼ਲਿਸਟ ਕਰਾਈਮ ਯੂਨਿਟ ਦੇ ਡਿਟੈਕਟਿਵ ਕਾਂਸਟੇਬਲ ਲਿਓਨ ਯੂਰ ਨੇ ਕਿਹਾ, ‘‘ਇਹ ਮਾਮਲਾ ਬਹੁਤ ਵੱਡੇ ਪੱਧਰ ’ਤੇ ਯੋਜਨਾਬੱਧ ਕੀਤੇ ਗਏ ਅਪਰਾਧਿਕ ਕਾਰੋਬਾਰ ’ਤੇ ਕੇਂਦਰਿਤ ਰਿਹਾ ਹੈ, ਜਿਸ ਕਾਰਨ ਸਾਡੀਆਂ ਸੜਕਾਂ ’ਤੇ ਹਿੰਸਾ ਅਤੇ ਤਬਾਹੀ ਹੋਣ ਦੀ ਪੂਰੀ ਸੰਭਾਵਨਾ ਸੀ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਅਪਰਾਧੀਆਂ ਨੇ ਨਸ਼ਿਆਂ ਦੀ ਸਪਲਾਈ ਦਾ ਵੱਡਾ ਨੈੱਟਵਰਕ ਚਲਾਇਆ ਹੋਇਆ ਸੀ।

