ਕਾਬੁਲ ਹਵਾਈ ਅੱਡੇ ਬਾਹਰ ਦੋ ਧਮਾਕੇ, 13 ਹਲਾਕ

ਧਮਾਕਿਆਂ ਵਿੱਚ ਸੈਂਕੜੇ ਲੋਕ ਜ਼ਖ਼ਮੀ; ਚਾਰ ਅਮਰੀਕੀ ਫ਼ੌਜੀ ਹਲਾਕ

ਕਾਬੁਲ ਹਵਾਈ ਅੱਡੇ ਬਾਹਰ ਦੋ ਧਮਾਕੇ, 13 ਹਲਾਕ

ਕਾਬੁਲ ਹਵਾਈ ਅੱਡੇ ਦੇ ਬਾਹਰ ਧਮਾਕੇ ਮਗਰੋਂ ਉੱਠਦਾ ਹੋਇਆ ਧੂੰਆਂ। -ਫੋਟੋ: ਪੀਟੀਆਈ

ਕਾਬੁਲ, 26 ਅਗਸਤ

ਕਾਬੁਲ ਹਵਾਈ ਹੱਡੇ ਦੇ ਬਾਹਰ ਅੱਜ ਹੋਏ 2 ਬੰਬ ਧਮਾਕਿਆਂ ’ਚ ਘੱਟੋ-ਘੱਟ 13 ਜਣਿਆਂ ਦੀ ਮੌਤ ਹੋ ਗਈ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਧਮਾਕਿਆਂ ’ਚ ਚਾਰ ਅਮਰੀਕੀ ਜਵਾਨ ਹਲਾਕ ਹੋਏ ਹਨ। ਮਿ੍ਰਤਕਾਂ ਵਿੱਚ ਬੱਚੇ ਵੀ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਇਹ ਧਮਾਕੇ ਕਾਬੁਲ ਹਵਾਈ ਅੱਡੇ ਦੇ ਬਾਹਰ ਉਸ ਸਮੇਂ ਹੋਏ ਹਨ ਜਦੋਂ ਮੁਲਕ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਵੱਡੀ ਗਿਣਤੀ ’ਚ ਲੋਕ ਅਫ਼ਗਾਨਿਸਤਾਨ ਛੱਡਣ ਲਈ ਹਵਾਈ ਅੱਡੇ ਬਾਹਰ ਇਕੱਠੇ ਹੋਏ ਹਨ। ਪੱਛਮੀ ਮੁਲਕਾਂ ਨੇ ਅੱਜ ਦਿਨ ਸਮੇਂ ਹੀ ਹਵਾਈ ਅੱਡੇ ’ਤੇ ਸੰਭਾਵੀ ਅਤਿਵਾਦੀ ਹਮਲੇ ਦੀ ਚਿਤਾਵਨੀ ਦਿੱਤੀ ਸੀ। ਉੱਧਰ ਤਾਲਿਬਾਨ ਨੇ ਇਸ ਆਤਮਘਾਤੀ ਹਮਲੇ ’ਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਸੂਤਰਾਂ ਅਨੁਸਾਰ ਇਸ ਹਮਲੇ ’ਚ ਕੁਝ ਅਮਰੀਕੀ ਲੋਕਾਂ ਦੀ ਮੌਤ ਵੀ ਹੋਈ ਹੈ। ਪੈਂਟਾਗਨ ਨੇ ਕਾਬੁਲ ’ਚ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਰੂਸੀ ਵਿਦੇਸ਼ ਮੰਤਰੀ ਨੇ ਮ੍ਰਿਤਕਾਂ ਦੇ ਅੰਕੜੇ ਦੱਸੇ ਹਨ। ਅਮਰੀਕੀ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਕਿ ਪਹਿਲਾ ਧਮਾਕਾ ਕਾਬੁਲ ਹਵਾਈ ਅੱਡੇ ਦੇ ਐਬੇ ਗੇਟ ਨੇੜੇ ਹੋਇਆ ਜਦਕਿ ਦੂਜਾ ਧਮਾਕਾ ਗੇਟ ਨੇੜਲੇ ਬੈਰੋਨ ਹੋਟਲ ਨੇੜੇ ਹੋਇਆ। ਮੌਕੇ ’ਤੇ ਹਾਜ਼ਰ ਇਕ ਅਫ਼ਗਾਨ ਨਾਗਰਿਕ ਆਦਮ ਖਾਨ ਨੇ ਦੱਸਿਆ ਕਿ ਇੱਕ ਧਮਾਕਾ ਉਸ ਸਮੇਂ ਹੋਇਆ ਜਦੋਂ ਵੱਡੀ ਗਿਣਤੀ ’ਚ ਲੋਕ ਹਵਾਈ ਅੱਡੇ ਅੰਦਰ ਦਾਖਲ ਹੋਣ ਦੀ ਉਡੀਕ ਕਰ ਰਹੇ ਸਨ। ਉਸ ਨੇ ਦੱਸਿਆ ਕਿ ਇਸ ਧਮਾਕੇ ’ਚ ਕਈ ਲੋਕ ਮਾਰੇ ਗਏ ਹਨ ਤੇ ਕਈ ਜ਼ਖ਼ਮੀ ਹੋਏ। ਕਈ ਲੋਕਾਂ ਦੇ ਸਰੀਰ ਦੇ ਅੰਗ ਵੀ ਧਮਾਕੇ ’ਚ ਉੱਡ ਗਏ ਹਨ। ਜ਼ਿਕਰਯੋਗ ਹੈ ਕਿ ਕਈ ਮੁਲਕਾਂ ਨੇ ਦਿਨੇ ਅਫ਼ਗਾਨਿਸਤਾਨ ਵਿਚਲੇ ਆਪਣੇ ਲੋਕਾਂ ਨੂੰ ਆਤਮਘਾਤੀ ਅਤਿਵਾਦੀ ਹਮਲੇ ਦੀ ਚਿਤਾਵਨੀ ਦਿੰਦਿਆਂ ਹਵਾਈ ਅੱਡੇ ’ਤੇ ਜਾਣ ਤੋਂ ਵਰਜਿਆ ਸੀ। ਤਾਲਿਬਾਨ ਦੇ ਬੁਲਾਰੇ ਜ਼ਬੀਉਲ੍ਹਾ ਮੁਜਾਹਿਦ ਇਸ ਹਮਲੇ ਦੀ ਨਿੰਦਾ ਕਰਦਿਆਂ ਇਸ ’ਚ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਦਿਨੇ ਤਾਲਿਬਾਨ ਨੇ ਹਵਾਈ ਅੱਡੇ ਦੇ ਇੱਕ ਗੇਟ ’ਤੇ ਇਕੱਠੇ ਹੋਏ ਲੋਕਾਂ ਨੂੰ ਖਿੰਡਾਉਣ ਲਈ ਜਲਤੋਪਾਂ ਦੀ ਵਰਤੋਂ ਕੀਤੀ ਸੀ।ਇਸੇ ਦੌਰਾਨ ਬਰਤਾਨੀਆ ਨੇ ਆਪਣੀਆਂ ਹਵਾਈ ਸੇਵਾਵਾਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਉੱਪਰੋਂ 25000 ਫੁੱਟ ਤੋਂ ਹੇਠਾਂ ਜਹਾਜ਼ ਨਾਲ ਉਡਾਏ ਜਾਣ। -ਏਪੀ

 

ਹਮਲੇ ਪਿੱਛੇ ਆਈਐੱਸ ਦਾ ਹੱਥ: ਅਮਰੀਕਾ

ਵਾਸ਼ਿੰਗਟਨ: ਅਮਰੀਕੀ ਅਧਿਕਾਰੀਆਂ ਨੇ ਅੱਜ ਕਿਹਾ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਹਮਲੇ ’ਚ ਲਾਜ਼ਮੀ ਤੌਰ ’ਤੇ ਇਸਲਾਮਿਕ ਸਟੇਟ ਗਰੁੱਪ ਦਾ ਹੱਥ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਹਮਲੇ ’ਚ ਦੋ ਆਤਮਘਾਤੀ ਬੰਬਾਰ ਤੇ ਬੰਦੂਕਧਾਰੀ ਸ਼ਾਮਲ ਸਨ ਤੇ ਇਸ ਹਮਲੇ ’ਚ ਅਮਰੀਕੀ ਜਵਾਨ ਵੀ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਨਾਮ ਨਸ਼ਰ ਨਾ ਹੋਣ ਦੀ ਸ਼ਰਤ ’ਤੇ ਦੱਸਿਆ ਕਿ ਇਸਲਾਮਿਕ ਸਟੇਟ ਗਰੁੱਪ ਤਾਲਿਬਾਨ ਤੋਂ ਵੱਧ ਕੱਟੜ ਹੈ ਅਤੇ ਇਸ ਨੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਕਾਬੁਲ ਹਵਾਈ ਅੱਡੇ ਤੋਂ ਉਡਾਣਾਂ ਜਾਰੀ ਹਨ। -ਏਪੀ

ਕਰਤੇ ਪਰਵਾਨ ਗੁਰਦੁਆਰੇ ’ਚ ਠਹਿਰੇ ਲੋਕ ਸੁਰੱਖਿਅਤ: ਸਿਰਸਾ

ਨਵੀਂ ਦਿੱਲੀ: ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਾਅਵਾ ਕੀਤਾ ਕਿ ਗੁਰਦੁਆਰਾ ਕਰਤੇ ਪਰਵਾਨ ’ਚ ਠਹਿਰੇ ਹੋਏ ਘੱਟਗਿਣਤੀ (ਸਿੱਖ ਅਤੇ ਹਿੰਦੂ) ਭਾਈਚਾਰਿਆਂ ਦੇ ਸਾਰੇ ਲੋਕ ਸੁਰੱਖਿਅਤ ਹਨ। ਉਨ੍ਹਾਂ ਨੇ ਇਹ ਦਾਅਵਾ ਕਾਬੁਲ ’ਚ ਹਵਾਈ ਅੱਡੇ ਦੇ ਬਾਹਰ ਹੋਏ ਬੰਬ ਧਮਾਕਿਆਂ ਦੀਆਂ ਖ਼ਬਰਾਂ ਮਗਰੋਂ ਕੀਤਾ ਹੈ। ਇੱਕ ਟਵੀਟ ’ਚ ਉਨ੍ਹਾਂ ਲਿਖਿਆ, ‘ਮੈਂ ਕਾਬੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਨਾਮ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਅੱਜ ਇਹ ਧਮਾਕਾ ਠੀਕ ਉਸੇ ਜਗ੍ਹਾ ਹੋਇਆ ਜਿੱਥੇ ਉਹ ਕੱਲ੍ਹ ਖੜ੍ਹੇ ਸਨ।’ -ਪੀਟੀਆਈ

 

ਭਾਰਤ ਨੇ ਕਾਬੁਲ ’ਚੋਂ 11 ਨੇਪਾਲੀ ਨਾਗਰਿਕਾਂ ਸਮੇਤ 35 ਹੋਰ ਵਿਅਕਤੀ ਕੱਢੇ

ਨਵੀਂ ਦਿੱਲੀ: ਭਾਰਤ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਵਿਗੜਦੇ ਹਾਲਾਤ ਨੂੰ ਦੇਖਦਿਆਂ 35 ਹੋਰ ਵਿਅਕਤੀਆਂ ਨੂੰ ਵਤਨ ਲਿਆਂਦਾ ਹੈ। ਇਨ੍ਹਾਂ ’ਚ 24 ਭਾਰਤੀ ਅਤੇ 11 ਨੇਪਾਲੀ ਨਾਗਰਿਕ ਸ਼ਾਮਲ ਹਨ। ਲੋਕਾਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢਣ ਦੇ ਮਿਸ਼ਨ ਦੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਨੇ ਕਿਹਾ ਕਿ ਉਥੋਂ 180 ਲੋਕਾਂ ਨੂੰ ਲਿਆਉਣ ਦਾ ਟੀਚਾ ਸੀ ਪਰ ਸਿਰਫ਼ 35 ਹੀ ਸੁਰੱਖਿਅਤ ਕੱਢੇ ਜਾ ਸਕੇ ਹਨ ਕਿਉਂਕਿ ਬਾਕੀ ਵਿਅਕਤੀ ਸ਼ਹਿਰ ’ਚ ਲੱਗੇ ਕਈ ਨਾਕਿਆਂ ਕਾਰਨ ਕਾਬੁਲ ਹਵਾਈ ਅੱਡੇ ’ਤੇ ਸਮੇਂ ਸਿਰ ਨਹੀਂ ਪਹੁੰਚ ਸਕੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਅੱਜ ਸਵੇਰੇ ਟਵੀਟ ਕਰਕੇ ਦੱਸਿਆ ਕਿ ਅਪਰੇਸ਼ਨ ਦੇਵੀ ਸ਼ਕਤੀ ਤਹਿਤ ਭਾਰਤੀ ਹਵਾਈ ਸੈਨਾ ਦੇ ਸੀ- 17 ਜਹਾਜ਼ ਰਾਹੀਂ ਲੋਕਾਂ ਨੂੰ ਉਥੋਂ ਕੱਢਿਆ ਗਿਆ ਹੈ। ਲੋਕਾਂ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ਨੇੜੇ ਪਿਛਲੇ ਦੋ ਕੁ ਦਿਨਾਂ ਤੋਂ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਜਿਸ ਕਾਰਨ ਅਫ਼ਗਾਨ ਅਤੇ ਹੋਰ ਲੋਕਾਂ ਨੂੰ ਉਥੇ ਪਹੁੰਚਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਅਪਰੇਸ਼ਨ ਦੇਵੀ ਸ਼ਕਤੀ’ ਤਹਿਤ ਭਾਰਤ 800 ਤੋਂ ਜ਼ਿਆਦਾ ਲੋਕਾਂ ਨੂੰ ਕਾਬੁਲ ’ਚੋਂ ਬਾਹਰ ਕੱਢ ਚੁੱਕਿਆ ਹੈ। -ਪੀਟੀਆਈ

ਤਾਲਿਬਾਨ ਨੇ ਗੁਰਪੁਰਬ ਲਈ ਆ ਰਹੇ 140 ਅਫ਼ਗਾਨ ਸਿੱਖਾਂ ਨੂੰ ਰੋਕਿਆ

ਨਵੀਂ ਦਿੱਲੀ: ਸ੍ਰੀ ਗੁਰੂ ਤੇਗ ਬਹਾਦੁਰ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦਿੱਲੀ ਆ ਰਹੇ 140 ਅਫ਼ਗਾਨ ਸਿੱਖਾਂ ਨੂੰ ਅੱਜ ਤਾਲਿਬਾਨ ਨੇ ਕਾਬੁਲ ’ਚ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਹੈ। ਨਿਊ ਮਹਾਵੀਰ ਨਗਰ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਦੇ ਪ੍ਰਧਾਨ ਤੇ ਅਫ਼ਗਾਨ ਨਾਗਰਿਕ ਪ੍ਰਤਾਪ ਸਿੰਘ ਨੇ ਦੱਸਿਆ, ‘ਐਤਵਾਰ ਨੂੰ ਕੀਰਤਨ ਦਰਬਾਰ ਸਜਾਇਆ ਜਾਣਾ ਹੈ। ਦੁਨੀਆ ਦੇ ਵੱਖ ਵੱਖ ਹਿੱਸਿਆਂ ’ਚੋਂ ਸਿੱਖ ਭਾਈਚਾਰੇ ਦੇ ਲੋਕ ਇੱਥੇ ਆ ਰਹੇ ਹਨ ਪਰ ਤਾਲਿਬਾਨ ਨੇ 140 ਸ਼ਰਧਾਲੂਆਂ ਨੂੰ ਕਾਬੁਲ ਹਵਾਈ ਅੱਡੇ ’ਤੇ ਰੋਕ ਲਿਆ ਹੈ।’ ਵਿਕਾਸਪੁਰੀ ਦੇ ਗੁਰੂ ਨਾਨਕ ਸਾਹਿਬ ਜੀ ਗੁਰਦੁਆਰੇ ਦੇ ਪ੍ਰਧਾਨ ਤੇ ਅਫ਼ਗਾਨ ਮੂਲ ਦੇ ਗੁਲਜੀਤ ਸਿੰਘ ਨੇ ਕਿਹਾ, ‘ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਸਮਾਗਮਾਂ ’ਚ ਹਾਜ਼ਰੀ ਲਗਾਉਣ। ਇਹ ਸੁਣ ਕੇ ਦੁੱਖ ਹੋਇਆ ਕਿ ਲੰਘੀ ਰਾਤ ਕੁਝ ਸ਼ਰਧਾਲੂਆਂ ਨੂੰ ਤਾਲਿਬਾਨ ਨੇ ਹਵਾਈ ਅੱਡੇ ’ਤੇ ਹੀ ਰੋਕ ਦਿੱਤਾ ਗਿਆ।’ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਤਾਲਿਬਾਨ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਨਾਂ ’ਤੇ ਅਫ਼ਗਾਨ ਹਿੰਦੂ ਤੇ ਸਿੱਖ ਸ਼ਰਧਾਲੂਆਂ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ। -ਆਈਏਐੱਨਐੱਸ

 

ਤਾਲਿਬਾਨ ਅਤੇ ਪੰਜਸ਼ੀਰ ਲੜਾਕੇ ਇੱਕ-ਦੂਜੇ ’ਤੇ ਹਮਲੇ ਨਾ ਕਰਨ ਲਈ ਸਹਿਮਤ

ਕਾਬੁਲ: ਤਾਲਿਬਾਨ ਅਤੇ ਉੱਤਰੀ ਗੱਠਜੋੜ ਅੱਜ ਇੱਕ ਦੂਜੇ ’ਤੇ ਹਮਲੇ ਨਾ ਕਰਨ ਲਈ ਸਹਿਮਤ ਹੋ ਗਏ ਹਨ। ਇਹ ਖੁਲਾਸਾ ਜੀਓ ਨਿਉੂਜ਼ ਦੀ ਰਿਪੋਰਟ ’ਚ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਇੱਕ-ਦੂਜੇ ਖ਼ਿਲਾਫ਼ ਹਮਲੇ ਬੰਦ ਕਰਨ ਲਈ ਸਹਿਮਤ ਹੋ ਗਈਆਂ ਹਨ। ਇਸ ਬਾਬਤ ਤਾਲਿਬਾਨ ਅਤੇ ਉੱਤਰੀ ਗੱਠਜੋੜ (ਪੰਜਸ਼ੀਰ ਲੜਾਕਿਆਂ) ਦੇ ਵਫ਼ਦਾਂ ਵਿਚਾਲੇ ਅਫ਼ਗਾਨਿਸਤਾਨ ਦੇ ਪਰਵਾਨ ਸੂਬੇ ਅਧੀਨ ਪੈਂਦੇ ਚਰੀਕਾਰ ਵਿੱਚ ਦੋ ਦਿਨਾਂ ਤੋਂ ਮੀਟਿੰਗਾਂ ਹੋ ਰਹੀਆਂ ਸਨ। ਸੂਤਰਾਂ ਨੇ ਦੱਸਿਆ ਕਿ ਤਾਲਿਬਾਨ ਅਤੇ ਉੱਤਰੀ ਗੱਠਜੋੜ ਦੇ ਆਗੂਆਂ ਵੱਲੋਂ ਇੱਕ ਸ਼ਾਂਤੀ ਸਮਝੌਤੇ ਬਾਰੇ ਐਲਾਨ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਜਾਵੇਗਾ। ਅਫ਼ਗਾਨਿਸਤਾਨ ’ਤੇ ਕਬਜ਼ੇ ਦੌਰਾਨ ਹੋਰਨਾਂ ਤੋਂ ਇਲਾਵਾ ਤਾਲਿਬਾਨ ਦਾ ਸਭ ਤੋਂ ਵਿਰੋਧ ਪੰਜਸ਼ੀਰ ਘਾਟੀ ਵਿੱਚੋਂ ਹੀ ਹੋਇਆ ਹੈ। ਉੱਤਰੀ ਗੱਠਜੋੜ ’ਚ ਤਾਲਿਬਾਨ ਵਿਰੋਧੀ ਮਿਲੀਸ਼ੀਆ ਅਤੇ ਸਾਬਕਾ ਅਫ਼ਗਾਨ ਸੁਰੱਖਿਆ ਬਲ ਸ਼ਾਮਲ ਹਨ। ਦੋਵੇਂ ਧਿਰਾਂ ਨੇ ਕਿਹਾ ਹੈ ਕਿ ਉਹ ਇਸ ਵਿਵਾਦ ਦਾ ਹੱਲ ਗੱਲਬਾਤ ਨਾਲ ਕੱਢਣਾ ਚਾਹੁੰਦੀਆਂ ਹਨ। ਤਾਲਿਬਾਨ ਦੇ ਤਰਜਮਾਨਾਂ ਨੇ ਕਿਹਾ ਹੈ ਕਿ ਉਹ ਸਥਿਤੀ ਦਾ ਸ਼ਾਂਤਮਈ ਹੱਲ ਕੱਢਣ ਨੂੰ ਪਹਿਲ ਦੇਣਗੇ। -ਆਈਏਐੱਨਐੱਸ

ਸਰਕਾਰ ਅਫ਼ਗਾਨਿਸਤਾਨ ’ਚੋਂ ਸਾਰੇ ਭਾਰਤੀਆਂ ਨੂੰ ਕੱਢਣ ਲਈ ਵਚਨਬੱਧ: ਜੈਸ਼ੰਕਰ

ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਪਿਯੂਸ਼ ਗੋਇਲ (ਇਨਸੈੱਟ) ਸਰਬ-ਪਾਰਟੀ ਮੀਟਿੰਗ ਦੀ ਅਗਵਾਈ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ: ਕੇਂਦਰ ਸਰਕਾਰ ਅਫ਼ਗਾਨਿਸਤਾਨ ’ਚੋਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਵਚਨਬੱਧ ਹੈ। ਸਰਕਾਰ ਵੱਲੋਂ ਅਫ਼ਗਾਨਿਸਤਾਨ ਦੇ ਹਾਲਾਤ ਦੀ ਜਾਣਕਾਰੀ ਦੇਣ ਲਈ ਅੱਜ ਸੱਦੀ ਗਈ ਸਰਬ ਪਾਰਟੀ ਬੈਠਕ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਹ ਗੱਲ ਆਖੀ। ਤਾਲਿਬਾਨ ਪ੍ਰਤੀ ਸਰਕਾਰ ਦੀ ਪਹੁੰਚ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਵਿਦੇਸ਼ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਫ਼ਗਾਨਿਸਤਾਨ ’ਚ ਹਾਲਾਤ ਅਜੇ ਗੰਭੀਰ ਬਣੇ ਹੋਏ ਹਨ। ‘ਸਾਡੀ ਭਵਿੱਖ ਦੀ ਨੀਤੀ ਦੇ ਸਵਾਲ ਬਾਰੇ ਤੁਹਾਨੂੰ ਅਜੇ ਸੰਜਮ ਰੱਖਣਾ ਪਵੇਗਾ। ਪਹਿਲਾਂ ਹਾਲਾਤ ਠੀਕ ਹੋ ਜਾਣ ਦਿਉ।’ ਕਰੀਬ ਸਾਢੇ ਤਿੰਨ ਘੰਟਿਆਂ ਤੱਕ ਚੱਲੀ ਸਰਬ ਪਾਰਟੀ ਮੀਟਿੰਗ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਸਰਕਾਰ ਨੇ ਤਾਲਿਬਾਨ ਨਾਲ ਸਿੱਝਣ ਲਈ ‘ਉਡੀਕ ਕਰੋ ਅਤੇ ਦੇਖੋ’ ਦੀ ਰਣਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਕੂਟਨੀਤੀ ਅਤੇ ਹਿੱਤਾਂ ਨੂੰ ਹੋਰ ਮੁਲਕਾਂ ਵੱਲੋਂ ਮਾਨਤਾ ਦਿੱਤੀ ਗਈ ਹੈ ਅਤੇ ਸਰਕਾਰ ਕਈ ਭਾਈਵਾਲਾਂ ਦੇ ਸੰਪਰਕ ’ਚ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਜਰਮਨ ਚਾਂਸਲਰ ਐਂਜਲਾ ਮਰਕਲ ਨਾਲ ਹੋਈ ਗੱਲਬਾਤ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ’ਚ ਵਿਸ਼ੇਸ਼ ਅਫ਼ਗਾਨਿਸਤਾਨ ਸੈੱਲ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਮੁਲਕ ਲਿਆਉਣ ਦੇ ਢੁੱਕਵੇਂ ਪ੍ਰਬੰਧ ਕੀਤੇ ਜਾ ਸਕਣ। ਇਸ ਮੌਕੇ ਕੇਂਦਰੀ ਮੰਤਰੀ ਅਤੇ ਰਾਜ ਸਭਾ ’ਚ ਸਦਨ ਦੇ ਆਗੂ ਪਿਯੂਸ਼ ਗੋਇਲ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਹਾਜ਼ਰ ਸਨ। ਬੈਠਕ ਦੌਰਾਨ ਸਾਂਝੇ ਗਏ ਕੀਤੇ ਗਏ ਅੰਕੜਿਆਂ ਮੁਤਾਬਕ ਸਰਕਾਰ ਨੇ ਸਫ਼ਾਰਤਖਾਨੇ ਦੇ 175 ਮੁਲਾਜ਼ਮਾਂ, 263 ਹੋਰ ਭਾਰਤੀ ਨਾਗਰਿਕਾਂ, ਹਿੰਦੂਆਂ ਅਤੇ ਸਿੱਖਾਂ ਸਮੇਤ 112 ਅਫ਼ਗਾਨ ਨਾਗਰਿਕਾਂ ਅਤੇ ਹੋਰ ਮੁਲਕਾਂ ਦੇ 15 ਨਾਗਰਿਕਾਂ ਨੂੰ ਉਥੋਂ ਸੁਰੱਖਿਅਤ ਮੁਲਕ ਲਿਆਂਦਾ ਹੈ। ਭਾਰਤ ਨੇ ਕੁੱਲ ਮਿਲਾ ਕੇ 565 ਵਿਅਕਤੀਆਂ ਨੂੰ ਅਫ਼ਗਾਨਿਸਤਾਨ ’ਚੋਂ ਲਿਆਂਦਾ ਹੈ। ਦਸਤਾਵੇਜ਼ਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੇ ਹੋਰ ਏਜੰਸੀਆਂ ਰਾਹੀਂ ਵੀ ਭਾਰਤੀਆਂ ਦੀ ਵਤਨ ਵਾਪਸੀ ’ਚ ਸਹਿਯੋਗ ਲਿਆ ਹੈ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਸਾਰੀਆਂ ਪਾਰਟੀਆਂ ਨੇ ਇਕੋ ਜਿਹੇ ਵਿਚਾਰ ਪ੍ਰਗਟਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੌਮੀ ਏਕਤਾ ਦੀ ਭਾਵਨਾ ਨਾਲ ਇਸ ਮੁੱਦੇ ’ਤੇ ਗੱਲਬਾਤ ਕੀਤੀ ਹੈ। ਬਾਅਦ ’ਚ ਟਵੀਟ ਕਰਕੇ ਉਨ੍ਹਾਂ ਕਿਹਾ,‘‘ਸਾਡੀ ਫੌਰੀ ਚਿੰਤਾ ਅਤੇ ਕੰਮ ਉਥੋਂ ਲੋਕਾਂ ਨੂੰ ਸੁਰੱਖਿਅਤ ਕੱਢਣਾ ਹੈ। ਅਸੀਂ ਅਫ਼ਗਾਨ ਲੋਕਾਂ ਨਾਲ ਦੋਸਤਾਨਾ ਸਬੰਧ ਚਾਹੁੰਦੇ ਹਾਂ।’’ ਉਨ੍ਹਾਂ ਕਿਹਾ ਕਿ ਈ-ਵੀਜ਼ਾ ਨੀਤੀ ਲਿਆ ਕੇ ਕਈ ਹੋਰ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ‘ਅਸੀਂ ਕੁਝ ਅਫ਼ਗਾਨ ਨਾਗਰਿਕਾਂ ਨੂੰ ਵੀ ਭਾਰਤ ਲੈ ਕੇ ਆਏ ਹਾਂ।’ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਸਰਬ ਪਾਰਟੀ ਮੀਟਿੰਗ ’ਚ 31 ਪਾਰਟੀਆਂ ਦੇ 37 ਆਗੂਆਂ ਨੇ ਹਾਜ਼ਰੀ ਭਰੀ। ਮੀਟਿੰਗ ’ਚ ਐੱਨਸੀਪੀ ਆਗੂ ਸ਼ਰਦ ਪਵਾਰ, ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ, ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ, ਡੀਐੱਮਕੇ ਦੇ ਟੀ ਆਰ ਬਾਲੂ, ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵੇਗੌੜਾ, ਅਪਨਾ ਦਲ ਦੀ ਅਨੂਪ੍ਰਿਯਾ ਪਟੇਲ ਆਦਿ ਹਾਜ਼ਰ ਸਨ। -ਪੀਟੀਆਈ

 

ਮਹਿਲਾ ਅਫ਼ਗਾਨ ਸੰਸਦ ਮੈਂਬਰ ਨੂੰ ਡਿਪੋਰਟ ਕਰਨ ’ਤੇ ਸਰਕਾਰ ਨੇ ਅਫ਼ਸੋਸ ਜਤਾਇਆ: ਖੜਗੇ

ਨਵੀਂ ਦਿੱਲੀ: ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਸਰਕਾਰ ਨੇ ਮਹਿਲਾ ਅਫ਼ਗਾਨ ਸੰਸਦ ਮੈਂਬਰ ਰੰਗੀਨਾ ਕਰਗਰ ਨੂੰ ਦਿੱਲੀ ਤੋਂ ਡਿਪੋਰਟ ਕਰਨ ’ਤੇ ਅਫ਼ਸੋਸ ਜਤਾਇਆ ਹੈ। ਸਰਬ ਪਾਰਟੀ ਮੀਟਿੰਗ ’ਚ ਇਹ ਮੁੱਦਾ ਉਠਾਇਆ ਗਿਆ ਸੀ। ਖੜਗੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮਹਿਲਾ ਅਫ਼ਗਾਨ ਸੰਸਦ ਮੈਂਬਰ ਨੂੰ ਡਿਪੋਰਟ ਕਰਨ ਦੇ ਫ਼ੈਸਲੇ ਨੂੰ ‘ਗਲਤੀ’ ਮੰਨਦਿਆਂ ਭਰੋਸਾ ਦਿੱਤਾ ਹੈ ਕਿ ਇਹ ਦੁਬਾਰਾ ਨਹੀਂ ਹੋਵੇਗੀ। ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਮੀਟਿੰਗ ਦੌਰਾਨ ਵੱਖ ਵੱਖ ਮੁੱਦੇ ਉਠਾਏ ਗਏ ਅਤੇ ਅਫ਼ਗਾਨ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰਖਦਿਆਂ ਸਰਕਾਰ ਨੂੰ ਕਈ ਸੁਝਾਅ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜੈਸ਼ੰਕਰ ਨੇ ਪਾਰਟੀਆਂ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦਿੱਤੇ ਅਤੇ ਸਾਰਿਆਂ ਨੇ ਇਕਜੁੱਟਤਾ ਦਿਖਾਈ ਹੈ। ਮੀਟਿੰਗ ’ਤੇ ਤਸੱਲੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਖੜਗੇ ਨੇ ਕਿਹਾ ਕਿ ਉਹ ਉਡੀਕ ਕਰਨਗੇ ਅਤੇ ਦੇਖਣਗੇ ਕਿ ਸਰਕਾਰ ਆਪਣੇ ਵੱਲੋਂ ਦਿੱਤੇ ਗਏ ਜਵਾਬਾਂ ਨੂੰ ਕਿਵੇਂ ਲਾਗੂ ਕਰਦੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All