Trump ਤੇ Netanyahu ਦਰਮਿਆਨ ਫੋਨ ’ਤੇ ਤਿੱਖੀ ਬਹਿਸ
ਅਮਰੀਕੀ ਸਦਰ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਨੂੰ ਲੈਬਨਾਨ ’ਤੇ ਹਮਲੇ ਰੋਕਣ ਲੲੀ ਮਨਾਇਆ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਬੈਰੂਤ ’ਤੇ ਹਮਲੇ ਨਾ ਕਰਨ ਲਈ ਮਨਾ ਲਿਆ ਹੈ। ਟਰੰਪ ਨਾਲ ਗੱਲਬਾਤ ਮਗਰੋਂ ਇਜ਼ਰਾਇਲੀ ਆਗੂ ਨੇ ‘ਆਪਣੀਆਂ ਫੌਜਾਂ ਨੂੰ ਪਿੱਛਲ ਪੈਰੀਂ’ ਹੋਣ ਲਈ ਕਿਹਾ ਹੈ। ਟਰੰਪ ਨੇ ਉਪਰੋਕਤ ਦਾਅਵਾ ਟਰੁੱਥ ਸੋਸ਼ਲ ’ਤੇ ਇਨ੍ਹਾਂ ਰਿਪੋਰਟਾਂ ਦਰਮਿਆਨ ਕੀਤਾ ਹੈ ਕਿ ਦੋਵਾਂ ਆਗੂਆਂ ਦਰਮਿਆਨ ਫੋਨ ਕਾਲ ਉੱਤੇ ‘ਤਿੱਖੀ ਬਹਿਸ’ ਵੀ ਹੋਈ ਤੇ ਅਮਰੀਕੀ ਸਦਰ ਨੇ ਨੇਤਨਯਾਹੂ ਨੂੰ ਇਥੋਂ ਤੱਕ ਆਖ ਦਿੱੱਤਾ ਕਿ ਜੇ ਉਹ ਦਖ਼ਲ ਨਾ ਦਿੰਦੇ ਤਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਸ਼ਾਇਦ ਜੇਲ੍ਹ ਵਿੱਚ ਹੁੰਦਾ। ਟਰੰਪ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਉਪਨਾਮ ਦੇ ਹਵਾਲੇ ਨਾਲ ਕਿਹਾ, ‘‘ਮੇਰੀ ਬੀਬੀ ਨੇਤਨਯਾਹੂ ਨਾਲ ਗੱਲਬਾਤ ਹੋਈ ਤੇ ਮੈਂ ਉਸ ਨੂੰ ਬੈਰੂਤ ਲੈਬਨਾਨ ਉੱਤੇ ਵੱਡੇ ਹਮਲੇ ਕਰਨ ਤੋਂ ਰੋਕਿਆ ਹੈ। ਉਸ ਨੇ ਆਪਣੀਆਂ ਫੌਜਾਂ ਵਾਪਸ ਸੱਦ ਲਈਆਂ ਹਨ। ਬੀਬੀ ਦਾ ਧੰਨਵਾਦ।’’ ਟਰੰਪ ਨੇ ਨੇਤਨਯਾਹੂ ਨੂੰ ਇਹ ਫੋਨ ਕਾਲ ਅਜਿਹੇ ਮੌਕੇ ਕੀਤੀ ਹੈ ਜਦੋਂ ਇਰਾਨ ਨੇ ਧਮਕੀ ਦਿੱਤੀ ਸੀ ਕਿ ਜੇ ਇਜ਼ਰਾਈਲ ਨੇ ਲੈਬਨਾਨ ’ਤੇ ਹਮਲੇ ਜਾਰੀ ਰੱਖੇ ਤਾਂ ਉਹ ਅਮਰੀਕਾ ਨਾਲ ਜਾਰੀ ਗੱਲਬਾਤ ਬੰਦ ਕਰ ਦੇਵੇਗਾ। ਟਰੰਪ ਨੇ ਕਿਹਾ ਕਿ ਉਨ੍ਹਾਂ ਹਿਜ਼ਬੁੱਲਾ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ‘ਇਜ਼ਰਾਈਲ ਤੇ ਉਸ ਦੇ ਫੌਜੀਆਂ ’ਤੇ ਗੋਲੀਬਾਰੀ ਰੋਕਣ’ ਦੀ ਸਹਿਮਤੀ ਦਿੱਤੀ ਹੈ। ਅਮਰੀਕੀ ਮੀਡੀਆ ਆਊਟਲੈੱਟ ਐਕਸੀਓਸ ਨੇ ਕਿਹਾ ਕਿ ਨੇਤਨਯਾਹੂ ਨਾਲ ਫੋਨ ਕਾਲ ਦੌਰਾਨ ਦੋਵਾਂ ਆਗੂਆਂ ਦੀ ਤਿੱਖੀ ਬਹਿਸ ਹੋਈ।
ਦੱਖਣੀ ਲੈਬਨਾਨ ’ਤੇ ਇਜ਼ਰਾਇਲੀ ਹਮਲੇ ’ਚ 8 ਹਲਾਕ
ਬੈਰੂਤ: ਇਜ਼ਰਾਈਲ ਵੱਲੋਂ ਮੰਗਲਵਾਰ ਨੂੰ ਦੱਖਣੀ ਲੈਬਨਾਨ ਉੱਤੇ ਕੀਤੇ ਡਰੋਨ ਹਮਲਿਆਂ ਵਿੱਚ ਅੱਠ ਜਣੇ ਮਾਰੇ ਗਏ। ਮ੍ਰਿਤਕਾਂ ਵਿੱਚ ਪਿਉ-ਪੁੱਤ ਤੇ ਧੀ ਵੀ ਸ਼ਾਮਲ ਹਨ। ਇਜ਼ਰਾਈਲ ਨੇ ਇਹ ਹਮਲੇ ਅਜਿਹੇ ਮੌਕੇ ਕੀਤੇ ਹਨ ਜਦੋਂ ਅਜੇ ਇਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਤੇ ਹਿਜ਼ਬੁੱਲਾ ਟਕਰਾਅ ਘਟਾਉਣ ਲਈ ਸਹਿਮਤ ਹੋਏ ਹਨ। ਇਜ਼ਰਾਈਲ ਨੇ ਲੰਘੇ ਦਿਨ ਬੈਰੂਤ ਦੇ ਦੱਖਣੀ ਨੀਮ ਸ਼ਹਿਰੀ ਇਲਾਕਿਆਂ ਵਿੱਚ ਹਮਲਿਆਂ ਦੀ ਧਮਕੀ ਦਿੱਤੀ ਸੀ, ਜਿਸ ਮਗਰੋਂ ਲੈਬਨਾਨੀ ਰਾਜਧਾਨੀ ’ਚੋਂ ਹਜ਼ਾਰਾਂ ਲੋਕ ਸੁਰੱਖਿਅਤ ਟਿਕਾਣਿਆਂ ਵੱਲ ਭੱਜ ਤੁਰੇ ਸੀ। ਜਵਾਬੀ ਹਮਲੇ ਵਿੱਚ ਹਿਜ਼ਬੁੱਲਾ ਨੇ ਵੀ ਉੱਤਰੀ ਇਜ਼ਰਾਈਲ ’ਤੇ ਰਾਕੇਟ ਦਾਗ਼ੇ। ਪਿਛਲੇ 26 ਸਾਲਾਂ ’ਚ ਪਹਿਲੀ ਵਾਰ ਇਜ਼ਰਾਇਲੀ ਫੌਜਾਂ ਲੈਬਨਾਨ ਦੇ ਧੁਰ ਅੰਦਰ ਤੱਕ ਵੜ ਗਈਆਂ ਹਨ। -ਏਪੀ

