ਟੋਰਾਂਟੋ ਹਵਾਈ ਹਾਦਸਾ: ਏਅਰਲਾਈਨ ਹਰ ਯਾਤਰੀ ਨੂੰ ਦੇਵੇਗੀ 30,000 ਅਮਰੀਕੀ ਡਾਲਰ
ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਬੀਤੇ ਦਿਨ ਉਤਰਦੇ ਸਮੇਂ ਹਵਾਈ ਪਟੜੀ ਤੋਂ ਤਿਲਕ ਕੇ ਪਲਟਣ ਵਾਲੇ ਜਹਾਜ਼ ਦੇ ਜ਼ਖ਼ਮੀ ਹੋਏ ਯਾਤਰੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਗਈ ਹੈ। ਡੈਲਟਾ ਏਅਰਲਾਈਨਜ਼ ਜਿਸ ਕੰਪਨੀ ਦਾ ਇਹ ਜਹਾਜ਼ ਸੀ, ਨੇ ਹਰੇਕ ਯਾਤਰੀ ਨੂੰ 30 ਹਜ਼ਾਰ ਅਮਰੀਕੀ ਡਾਲਰ (ਕਰੀਬ 26.25 ਲੱਖ ਰੁਪਏ) ਦੇਣ ਦਾ ਐਲਾਨ ਕੀਤਾ ਹੈ। ਮਨੀਐਪਲਸ ਤੋਂ ਆਏ ਇਸ ਜਹਾਜ਼ ਵਿੱਚ 76 ਯਾਤਰੀ ਸਵਾਰ ਸਨ, ਜਿਨ੍ਹਾਂ ’ਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਦਕਿ ਕੁੱਲ 17 ਜਣੇ ਜ਼ਖ਼ਮੀ ਹੋਏ ਸਨ।
ਕੰਪਨੀ ਦੇ ਤਰਜਮਾਨ ਮੌਰਗਨ ਡੁਰੈਂਟ ਨੇ ਕਿਹਾ ਕਿ ਹਰੇਕ ਯਾਤਰੀ ਨੂੰ ਉਕਤ ਰਕਮ ਬਿਨਾ ਕਿਸੇ ਸ਼ਰਤ ਤੋਂ ਦਿੱਤੀ ਜਾਏਗੀ, ਜਿਸ ਦੀ ਅਦਾਇਗੀ ਲਈ ਯਾਤਰੀਆਂ ਤੋਂ ਸਹਿਮਤੀ ਲਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਆਵਜ਼ਾ ਦੇਣ ਦੇ ਬਾਵਜੂਦ ਕਿਸੇ ਯਾਤਰੀ ਦੇ ਹੋਰ ਹੱਕਾਂ ’ਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੈਨੇਡਾ ਤੇ ਅਮਰੀਕਾ ਦੇ ਸੁਰੱਖਿਆ ਬੋਰਡ ਹਾਦਸੇ ਦਾ ਕਾਰਨ ਲੱਭਣ ਵਿੱਚ ਜੁਟੇ ਹੋਏ ਹਨ, ਪਰ ਅਜੇ ਤੱਕ ਉਹ ਕਿਸੇ ਠੋਸ ਨਤੀਜੇ ’ਤੇ ਨਹੀਂ ਪਹੁੰਚੇ ਹਨ। ਤਰਜਮਾਨ ਨੇ ਦੱਸਿਆ ਕਿ ਏਅਰਲਾਈਨ ਵੱਲੋਂ 50 ਤੋਂ ਵੱਧ ਲੋਕਾਂ ਦੀ ਮਦਦ ਨਾਲ ਜਹਾਜ਼ ਦਾ ਮਲਬਾ ਘਟਨਾ ਸਥਾਨ ਤੋਂ ਹਟਾ ਕੇ ਸਫਾਈ ਕਰਵਾ ਦਿੱਤੀ ਗਈ ਹੈ ਤਾਂ ਜੋ ਹਵਾਈ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ।