ਵਾਸ਼ਿੰਗਟਨ, 18 ਅਪਰੈਲ
ਅਮਰੀਕਾ ਦੇ ਕਈ ਉੱਘੇ ਸੰਸਦ ਮੈਂਬਰਾਂ ਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਫੈੱਡਐਕਸ ਹਮਲੇ ਦੀ ਨਫ਼ਰਤੀ ਅਪਰਾਧ ਦੇ ਪੱਖ ਤੋਂ ਜਾਂਚ ਮੰਗੀ ਹੈ। ਜ਼ਿਕਰਯੋਗ ਹੈ ਕਿ ਇੰਡੀਆਨਾ ਵਿਚ ਫੈੱਡਐਕਸ ਕੇਂਦਰ ’ਚ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 8 ਜਣੇ ਮਾਰੇ ਗਏ ਸਨ ਜਿਨ੍ਹਾਂ ਵਿਚ ਚਾਰ ਸਿੱਖ ਸਨ।
ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਮੰਗ ਕੀਤੀ ਕਿ ਵੀਰਵਾਰ ਰਾਤ ਵਾਪਰੀ ਇਸ ਘਟਨਾ ਦੀ ਜਾਂਚ ਸੰਭਾਵੀ ਸਿੱਖ ਵਿਰੋਧੀ ਹਮਲੇ ਦੇ ਪੱਖ ਤੋਂ ਕੀਤੀ ਜਾਣੀ ਚਾਹੀਦੀ ਹੈ ਤੇ ਹਮਲਾਵਰ ਦੇ ਇਰਾਦਿਆਂ ਬਾਰੇ ਸਪੱਸ਼ਟ ਪਤਾ ਲੱਗਣਾ ਚਾਹੀਦਾ ਹੈ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਇੰਡੀਆਨਾਪੋਲਿਸ ਤੇ ਪੂਰਾ ਅਮਰੀਕਾ ਇਸ ਘਟਨਾ ’ਤੇ ਸਿੱਖ ਭਾਈਚਾਰੇ ਨਾਲ ਦੁੱਖ ਜ਼ਾਹਿਰ ਕਰ ਰਿਹਾ ਹੈ। ਰਾਜਾ ਨੇ ਕਿਹਾ ਕਿ ਬੰਦੂਕਾਂ ਦੀ ਹਿੰਸਾ ਤੋਂ ਪਹਿਲਾਂ ਹੀ ਅਮਰੀਕਾ ਦੁਖੀ ਹੈ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਏਸ਼ਿਆਈ ਮੂਲ ਦੇ ਅਮਰੀਕੀਆਂ ’ਤੇ ਹਮਲੇ ਵਧੇ ਹਨ। ਇੰਡੀਆਨਾਪੋਲਿਸ ਦੇ ਅੱਠ ਗੁਰਦੁਆਰਿਆਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲੇ ਤੱਕ ਹਮਲਾਵਰ ਦੇ ਇਰਾਦੇ ਦਾ ਪਤਾ ਨਹੀਂ ਲੱਗ ਸਕਿਆ ਹੈ, ਸ਼ਾਇਦ ਪੱਕੇ ਤੌਰ ’ਤੇ ਪਤਾ ਨਾ ਵੀ ਲੱਗੇ, ਪਰ ਇਕ ਗੱਲ ਸਭ ਨੂੰ ਪਤਾ ਹੈ ਕਿ ਇਹ ਫੈੱਡਐਕਸ ਕੇਂਦਰ, ਜਿਸ ਨੂੰ ਹਮਲਾਵਰ ਨੇ ਨਿਸ਼ਾਨਾ ਬਣਾਇਆ, ਵੱਡੀ ਗਿਣਤੀ ਲੋਕਾਂ ਨੂੰ ਕੰਮ ਦੇਣ ਲਈ ਜਾਣਿਆ ਜਾਂਦਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਭਾਈਚਾਰਾ ਆਸ ਕਰਦਾ ਹੈ ਕਿ ਇਸ ਘਟਨਾ ਦੀ ਪੂਰੀ ਜਾਂਚ ਹੋਵੇਗੀ ਤੇ ਜੋ ਵੀ ਨਿਕਲ ਕੇ ਸਾਹਮਣੇ ਆਵੇਗਾ, ਉਸ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ। ਸਿੱਖ ਆਗੂ ਗੁਰਿੰਦਰ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਇਕ ਟਾਸਕ ਫੋਰਸ ਦਾ ਗਠਨ ਕਰਨਗੇ ਜੋ ਉਨ੍ਹਾਂ ਸਥਿਤੀਆਂ ਤੇ ਖਾਮੀਆਂ ਦਾ ਪਤਾ ਲਾਏਗੀ ਜਿਨ੍ਹਾਂ ਕਾਰਨ ਫੈੱਡਐਕਸ ਕੇਂਦਰ ਉਤੇ ਇਹ ਡਰਾਉਣ ਵਾਲੀ ਘਟਨਾ ਵਾਪਰੀ। ਇਸ ਤੋਂ ਬਾਅਦ ਨਫ਼ਰਤੀ ਅਪਰਾਧਾਂ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ। ਇਸੇ ਦੌਰਾਨ ਸੈਨੇਟ ਵਿਚ ਬਹੁਗਿਣਤੀ ਦੇ ਆਗੂ ਚੱਕ ਸ਼ੂਮਰ ਨੇ ਕਿਹਾ ਕਿ ਸੈਨੇਟ ਬੰਦੂਕ ਸੁਰੱਖਿਆ ਕਾਨੂੰਨ ਨਾਲ ਅੱਗੇ ਵਧੇਗੀ। ਕਾਂਗਰਸ ਮੈਂਬਰ ਐਰਿਕ ਸਵਾਲਵੈੱਲ, ਅਮਰੀਕੀ ਉਪ ਰਾਸ਼ਟਰਪਤੀ ਦੀ ਡਿਪਟੀ ਪ੍ਰੈੱਸ ਸਕੱਤਰ ਸਬਰੀਨਾ ਸਿੰਘ, ‘ਯੂਨਾਈਟਿਡ ਸਿੱਖਸ’ ‘ਵਰਲਡ ਹਿੰਦੂ ਕੌਂਸਲ ਆਫ਼ ਅਮੈਰਿਕਾ’ ਤੇ ਹੋਰ ਉੱਘੀਆਂ ਹਸਤੀਆਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਜ਼ਾਹਿਰ ਕੀਤਾ ਹੈ। -ਪੀਟੀਆਈ
ਸਲੇਮਪੁਰ ਮਸੰਦਾਂ ਦੀ ਰਹਿਣ ਵਾਲੀ ਸੀ ਗੋਲੀ ਕਾਂਡ ’ਚ ਮਾਰੀ ਗਈ ਅਮਰਜੀਤ ਜੌਹਲ
ਜਲੰਧਰ (ਪਾਲ ਸਿੰਘ ਨੌਲੀ): ਅਮਰੀਕਾ ਵਿੱਚ ਵੀਰਵਾਰ ਨੂੰ ਫੈੱਡਐਕਸ ਕੇਂਦਰ ’ਚ ਹੋਈ ਗੋਲੀਬਾਰੀ ਦੌਰਾਨ ਪੰਜਾਬ ਦੇ ਜਿਹੜੇ ਚਾਰ ਸਿੱਖ ਪਰਿਵਾਰਾਂ ਦੇ ਵਿਅਕਤੀ ਮਾਰੇ ਗਏ ਹਨ, ਉਨ੍ਹਾਂ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਮਸੰਦਾਂ ਦੀ ਰਹਿਣ ਵਾਲੀ ਅਮਰਜੀਤ ਕੌਰ ਜੌਹਲ ਵੀ ਸ਼ਾਮਲ ਸੀ। ਅਮਰਜੀਤ ਕੌਰ ਜੌਹਲ ਦੇ ਪਤੀ ਮੱਖਣ ਸਿੰਘ ਦੇ ਚਚੇਰੇ ਭਰਾ ਸੇਵਾ ਸਿੰਘ ਜੌਹਲ ਨੇ ਦੱਸਿਆ ਕਿ ਉਹ ਲੰਡਨ ਰਹਿੰਦਾ ਹੈ ਪਰ ਹੁਣ ਪਿੰਡ ਆਇਆ ਹੋਇਆ ਸੀ। ਉਸ ਨੂੰ ਅਮਰੀਕਾ ਵਿਚ ਵਾਪਰੀ ਘਟਨਾ ਬਾਰੇ ਉਸ ਦੇ ਪਰਿਵਾਰ ਨੇ ਇੰਗਲੈਂਡ ਤੋਂ ਫੋਨ ਕਰਕੇ ਦੱਸਿਆ ਕਿ ਇੰਡੀਆਨਾ ਵਿਚ ਹੋਈ ਗੋਲੀਬਾਰੀ ’ਚ ਚਾਚੀ ਅਮਰਜੀਤ ਕੌਰ ਜੌਹਲ ਦੀ ਮੌਤ ਹੋ ਗਈ ਹੈ। ਸੇਵਾ ਸਿੰਘ ਜੌਹਲ ਨੇ ਦੱਸਿਆ ਕਿ ਅਮਰਜੀਤ ਕੌਰ ਵਿਸਾਖੀ ਵਾਲੇ ਦਿਨ 66 ਸਾਲ ਦੇ ਹੋਏ ਸਨ ਤੇ ਉਨ੍ਹਾਂ ਨੂੰ ਕੀ ਪਤਾ ਸੀ ਕਿ ਤਿੰਨ-ਚਾਰ ਦਿਨ ਬਾਅਦ ਹੀ ਉਹ ਸੰਸਾਰ ਨੂੰ ਇਸ ਤਰ੍ਹਾਂ ਅਲਵਿਦਾ ਕਹਿ ਜਾਣਗੇ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਜੌਹਲ 40 ਸਾਲ ਪਹਿਲਾਂ ਅਮਰੀਕਾ ਚਲੇ ਗਏ ਸਨ। ਰਿਸ਼ਤੇ ਵਿਚੋਂ ਉਨ੍ਹਾਂ ਦੀ ਭਰਜਾਈ ਲੱਗਦੀ ਅਮਰਜੀਤ ਕੌਰ ਜੌਹਲ ਪਿਛਲੇ 35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਤੇ ਇੱਕ ਧੀ ਹੈ। ਸੇਵਾ ਸਿੰਘ ਜੌਹਲ ਦਾ ਕਹਿਣਾ ਸੀ ਕਿ ਅਮਰਜੀਤ ਕੌਰ ਤਾਂ ਦੋ-ਤਿੰਨ ਸਾਲ ਬਾਅਦ ਪਿੰਡ ਗੇੜਾ ਮਾਰ ਜਾਂਦੀ ਸੀ ਜਦਕਿ ਮੱਖਣ ਸਿੰਘ ਹਰ ਸਾਲ ਆਪਣੇ ਪਿੰਡ ਆਉਂਦੇ ਰਹਿੰਦੇ ਸਨ। ਹੁਣ ਅਮਰਜੀਤ ਕੌਰ ਜੌਹਲ ਦੇ ਪਰਿਵਾਰ ਵਿਚੋਂ ਕੋਈ ਵੀ ਪਿੰਡ ਨਹੀਂ ਰਹਿੰਦਾ ਪਰ ਜ਼ਮੀਨ ਜਾਇਦਾਦ ਸਾਰਾ ਕੁਝ ਇੱਧਰ ਹੀ ਹੈ। ਅਮਰਜੀਤ ਕੌਰ ਜੌਹਲ ਦਾ ਪਰਿਵਾਰ ਇੱਥੇ ਪਿੰਡ ਰਹਿੰਦਿਆਂ ਖੇਤੀਬਾੜੀ ਦਾ ਕੰਮ ਕਰਦਾ ਸੀ। ਅਮਰੀਕਾ ਜਾ ਕੇ ਅਮਰਜੀਤ ਕੌਰ ਨੇ ਸਖ਼ਤ ਮਿਹਨਤ ਕੀਤੀ। ਪਿਛਲੇ ਚਾਰ-ਪੰਜ ਸਾਲ ਤੋਂ ਹੀ ਉਹ ਕੋਰੀਅਰ ਕੰਪਨੀ ਵਿੱਚ ਕੰਮ ਕਰ ਰਹੀ ਸੀ।
‘ਅਸੀਂ ਹੋਰ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੁੰਦੇ’
ਅਮਰੀਕਾ ਵਿੱਚ ਅਮਰਜੀਤ ਕੌਰ ਜੌਹਲ ਦੀ ਦੋਹਤੀ ਕੋਮਲ ਚੌਹਾਨ ਨੇ ਦੱਸਿਆ ਕਿ ਨਾਨੀ ਦੀ ਮੌਤ ਨਾਲ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ। ਚੌਹਾਨ ਨੇ ਕਿਹਾ, ‘ਮੇਰੇ ਕਈ ਪਰਿਵਾਰਕ ਮੈਂਬਰ ਹਨ ਜੋ ਇਸ ਕੇਂਦਰ ਵਿੱਚ ਕੰਮ ਕਰਦੇ ਸਨ ਅਤੇ ਸਦਮੇ ਵਿੱਚ ਹਨ।’ ਉਨ੍ਹਾਂ ਦੀ ਨਾਨੀ ਦੀ ਮੌਤ ਨਾਲ ਉਨ੍ਹਾਂ ਦਾ ਵੀ ਦਿਲ ਟੁੱਟ ਗਿਆ ਹੈ।’ ਉਨ੍ਹਾਂ ਕਿਹਾ, ‘ਮੇਰੀ ਨਾਨੀ, ਮੇਰਾ ਪਰਿਵਾਰ ਅਤੇ ਸਾਡਾ ਭਾਈਚਾਰਾ ਕੰਮ ਵਾਲੀ ਜਗ੍ਹਾ, ਉਨ੍ਹਾਂ ਦੇ ਧਾਰਮਿਕ ਸਥਾਨਾਂ ਜਾਂ ਹੋਰ ਕਿਤੇ ਵੀ ਅਸੁਰੱਖਿਅਤ ਨਹੀਂ ਮਹਿਸੂਸ ਕਰਨਾ ਚਾਹੁੰਦਾ। ਬਹੁਤ ਹੋ ਗਿਆ, ਸਾਡਾ ਭਾਈਚਾਰਾ ਬਹੁਤ ਸਦਮਾ ਸਹਿ ਚੁੱਕਿਆ ਹੈ।’
ਹਮਲਾਵਰ ਨੌਜਵਾਨ ਦੇ ਪਰਿਵਾਰ ਨੇ ਪੀੜਤਾਂ ਤੋਂ ਮੁਆਫ਼ੀ ਮੰਗੀ
ਵਾਸ਼ਿੰਗਟਨ: ਅਮਰੀਕੀ ਸੂਬੇ ਇੰਡੀਆਨਾ ਦੇ ਫੈੱਡਐਕਸ ਕੇਂਦਰ ਵਿਚ ਗੋਲੀਆਂ ਚਲਾਉਣ ਵਾਲੇ 19 ਸਾਲਾ ਬੰਦੂਕਧਾਰੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਇਸ ਹਮਲੇ ਵਿਚ ਮਾਰੇ ਗਏ ਅੱਠ ਜਣਿਆਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗੀ ਹੈ। ਬਰੈਂਡਨ ਸਕੌਟ ਹੋਲ ਦੇ ਪਰਿਵਾਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਲੜਕੇ ਵੱਲੋਂ ਕੀਤੀ ਇਸ ਵਾਰਦਾਤ ਨਾਲ ‘ਟੁੱਟ ਗਏ ਹਨ।’ ਪਰਿਵਾਰ ਨੇ ਕਿਹਾ ਕਿ ਲੜਕੇ ਨੂੰ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਸੀ, ਉਹ ਕਰਦੇ ਰਹੇ। ਜ਼ਿਕਰਯੋਗ ਹੈ ਕਿ ਗੋਲੀਬਾਰੀ ਤੋਂ ਬਾਅਦ ਲੜਕੇ ਨੇ ਖ਼ੁਦਕੁਸ਼ੀ ਕਰ ਲਈ ਸੀ। ਦੱਸਣਯੋਗ ਹੈ ਕਿ ਇਸ ਕੇਂਦਰ ’ਚ ਵੱਡੀ ਗਿਣਤੀ ਭਾਰਤੀ-ਅਮਰੀਕੀ ਕੰਮ ਕਰ ਰਹੇ ਸਨ ਤੇ ਮਰਨ ਵਾਲਿਆਂ ’ਚ 4 ਸਿੱਖ ਸ਼ਾਮਲ ਹਨ। ਇੰਡਿਆਨਾ ਸੂਬੇ ’ਚ ਕਰੀਬ 10 ਹਜ਼ਾਰ ਸਿੱਖ ਭਾਈਚਾਰੇ ਦੇ ਮੈਂਬਰ ਰਹਿੰਦੇ ਹਨ। ਉਹ ਕਈ ਤਰ੍ਹਾਂ ਦੀਆਂ ਦਾਨ ਤੇ ਭਲਾਈ ਨਾਲ ਜੁੜੀਆਂ ਗਤੀਵਿਧੀਆਂ ’ਚ ਵੀ ਲਗਾਤਾਰ ਹਿੱਸਾ ਲੈਂਦੇ ਰਹਿੰਦੇ ਹਨ। -ਪੀਟੀਆਈ