ਰੌਬਿਨਜ਼ਵਿਲੇ (ਅਮਰੀਕਾ), 24 ਸਤੰਬਰ
ਆਧੁਨਿਕ ਯੁੱਗ ਵਿੱਚ ਭਾਰਤ ਤੋਂ ਬਾਹਰ ਉਸਾਰੇ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਹਿੰਦੂ ਮੰਦਰ ਦਾ ਉਦਘਾਟਨ 8 ਅਕਤੂਬਰ ਨੂੰ ਨਿਊ ਜਰਸੀ ਵਿੱਚ ਹੋਵੇਗਾ ਅਤੇ ਇਹ 18 ਅਕਤੂਬਰ ਨੂੰ ਆਮ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ। ਨਿਊਯਾਰਕ ਸਥਿਤ ਟਾਈਮਜ਼ ਸਕੁਏਅਰ ਤੋਂ ਲਗਪਗ 60 ਮੀਲ ਦੱਖਣ ਵਿੱਚ ਅਤੇ ਵਾਸ਼ਿੰਗਟਨ ਡੀਸੀ ਤੋਂ ਲਗਪਗ 180 ਮੀਲ ਉੱਤਰ ਵਿੱਚ ਸਥਿਤ ਨਿਊ ਜਰਸੀ ਦੇ ਰੌਬਿਨਜ਼ਵਿਲੇ ਟਾਊਨਸ਼ਿਪ ਵਿੱਚ ਬੀਏਪੀਐੱਸ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਦੀ ਉਸਾਰੀ 2011 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਉਸਾਰੀ ਵਿੱਚ 12,500 ਤੋਂ ਵੱਧ ਵਾਲੰਟੀਅਰ ਲੱਗੇ ਹੋਏ ਸਨ। ਮੰਦਰ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਹੀ ਇੱਥੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ। ਅਕਸ਼ਰਧਾਮ ਦੇ ਨਾਮ ਨਾਲ ਪ੍ਰਸਿੱਧ ਇਹ ਮੰਦਰ 183 ਏਕੜ ਖੇਤਰ ਵਿੱਚ ਉਸਾਰਿਆ ਗਿਆ ਹੈ। ਇਸ ਮੰਦਰ ਨੂੰ ਪ੍ਰਾਚੀਨ ਹਿੰਦੂ ਧਰਮ ਗ੍ਰੰਥਾਂ ਮੁਤਾਬਕ ਬਣਵਾਇਆ ਗਿਆ ਹੈ ਅਤੇ ਇਸ ਵਿੱਚ ਦਸ ਹਜ਼ਾਰ ਮੂਰਤੀਆਂ, ਭਾਰਤੀ ਸੰਗੀਤ ਸ਼ਾਸਤਰਾਂ ਅਤੇ ਨ੍ਰਿਤ ਸ਼ੈਲੀਆਂ ਦੀ ਨੱਕਾਸ਼ੀ ਕੀਤੀ ਗਈ ਹੈ। ਇਹ ਮੰਦਰ ਕੰਬੋਡੀਆ ਸਥਿਤ ਅੰਕੋਰਵਾਟ ਮਗਰੋਂ ਸ਼ਾਇਦ ਦੂਜਾ ਸਭ ਤੋਂ ਵੱਡਾ ਮੰਦਰ ਹੈ। -ਪੀਟੀਆਈ