ਇਸਲਾਮਾਬਾਦ, 4 ਸਤੰਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪੀਟੀਆਈ ਦੇ ਉਪ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਸੁਣਵਾਈ ਕਰ ਰਿਹਾ ਵਿਸ਼ੇਸ਼ ਅਦਾਲਤ ਦਾ ਜੱਜ 8 ਸਤੰਬਰ ਤੱਕ ਛੁੱਟੀ ’ਤੇ ਚਲਾ ਗਿਆ ਹੈ। ਇਹ ਕੇਸ ਸਰਕਾਰੀ ਭੇਤਾਂ ਦਾ ਖੁਲਾਸਾ ਕਰਨ ਨਾਲ ਸਬੰਧਤ ਹੈ। ਜੱਜ ਅਬੁਅਲ ਹਸਨਤ ਜ਼ੁਲਕਰਨੈਨ ਨੇ ਸ਼ਨਿਚਰਵਾਰ ਨੂੰ ਅਰਜ਼ੀਆਂ ’ਤੇ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਸੀ ਕਿਉਂਕਿ ਵਿਸ਼ੇਸ਼ ਅਦਾਲਤ ਦੀ ਪ੍ਰਮਾਣਿਕਤਾ ਬਾਰੇ ਇਸਲਾਮਾਬਾਦ ਹਾਈ ਕੋਰਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅੱਜ ਜਦ ਖਾਨ ਦੀ ਲੀਗਲ ਟੀਮ ਅਦਾਲਤ ਪੁੱਜੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੱਜ ਆਪਣੀ ਪਤਨੀ ਦੀ ਬਿਮਾਰੀ ਕਾਰਨ ਹਫ਼ਤਾ ਭਰ ਛੁੱਟੀ ਉਤੇ ਹੈ। ਇਸ ਤੋਂ ਬਾਅਦ ਟੀਮ ਇਕ ਹੋਰ ਜੱਜ ਦੀ ਅਦਾਲਤ ਵਿਚ ਗਈ ਤੇ ਜ਼ਮਾਨਤ ਅਰਜ਼ੀ ਸੁਣਨ ਦੀ ਅਪੀਲ ਕੀਤੀ। -ਪੀਟੀਆਈ