ਗਾਜ਼ੀਆਂਤੇਪ (ਤੁਰਕੀ), 8 ਫਰਵਰੀ
ਤੁਰਕੀ ਤੇ ਸੀਰੀਆ ਵਿੱਚ ਪਿਛਲੇ ਦਿਨੀਂ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 11,000 ਨੂੰ ਪਾਰ ਕਰ ਚੁੱਕੀ ਹੈ ਪਰ ਅਜੇ ਵੀ ਇਹ ਅੰਕੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।
ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੋਗਾਂ ਭੂਚਾਲ ਨਾਲ ਪ੍ਰਭਾਵਿਤ ਹੋਏ ਖੇਤਰਾਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ ਤੁਰਕੀ ਵਿੱਚ ਮਰਨ ਵਾਲਿਆਂ ਦੀ ਗਿਣਤੀ 8500 ਨੂੰ ਪਾਰ ਕਰ ਗਈ ਹੈ। ਉਨ੍ਹਾਂ ਮੰਨਿਆ ਕਿ ਪਹਿਲੇ ਦਿਨ ਬਚਾਅ ਕਾਰਜਾਂ ਵਿੱਚ ਕਮੀਆਂ ਸਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਹਾਲਾਤ ਕਾਫੀ ਸੁਧਰ ਗਏ ਹਨ। ਉਨ੍ਹਾਂ ਕਿਹਾ, ”ਅਸੀਂ ਆਪਣੇ ਕਿਸੇ ਵੀ ਨਾਗਰਿਕ ਨੂੰ ਸੜਕ ‘ਤੇ ਨਹੀਂ ਛੱਡਾਂਗੇ।” ਅਰਦੋਗਾਂ ਨੇ ਕਿਹਾ ਕਿ ਦੇਸ਼ ਦੇ 8.5 ਕਰੋੜ ਲੋਕਾਂ ‘ਚੋਂ 1.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੇ 10 ਪ੍ਰਾਂਤਾਂ ‘ਚ ਐਮਰਜੈਂਸੀ ਐਲਾਨ ਦਿੱਤੀ ਹੈ। ਤੁਰਕੀ ਤੇ ਸੀਰੀਆ ਵਿੱਚ ਆਏ ਇਸ ਭੂਚਾਲ ਤੋਂ ਬਾਅਦ ਰਾਹਤ ਤੇ ਬਚਾਅ ਦਲ ਹਜ਼ਾਰਾਂ ਇਮਾਰਤਾਂ ਦੇ ਮਲਬੇ ਹੇਠਾਂ ਦਬੇ ਲੋਕਾਂ ਦੀ ਭਾਲ ਵਿੱਚ ਦਿਨ-ਰਾਤ ਜੁੱਟੇ ਹੋਏ ਹਨ। ਅੱਜ ਮੌਤਾਂ ਦੀ ਗਿਣਤੀ 9500 ਤੋਂ ਪਾਰ ਹੋਣ ‘ਤੇ ਇਹ ਭੂਚਾਲ ਪਿਛਲੇ ਇਕ ਦਹਾਕੇ ਵਿੱਚ ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਕਰਨ ਵਾਲਾ ਭੂਚਾਲ ਬਣ ਗਿਆ। ਤੁਰਕੀ ਵਿੱਚ ਭੂਚਾਲ ਪ੍ਰਭਾਵਿਤ ਖੇਤਰਾਂ ‘ਚ 60,000 ਦੇ ਕਰੀਬ ਰਾਹਤ ਕਰਮੀ ਪਹੁੰਚ ਚੁੱਕੇ ਹਨ ਪਰ ਤਬਾਹੀ ਕਾਫੀ ਵੱਡੀ ਪੱਧਰ ‘ਤੇ ਹੋਣ ਕਾਰਨ ਅਜੇ ਵੀ ਕਈ ਲੋਕ ਮਦਦ ਦੀ ਉਡੀਕ ਕਰ ਰਹੇ ਹਨ। ਦੱਖਣ-ਪੂਰਬੀ ਤੁਰਕੀ ਤੇ ਉੱਤਰੀ ਸੀਰੀਆ ਵਿੱਚ 7.8 ਦੀ ਤੀਬਰਤਾ ਦਾ ਭੂਚਾਲ ਆਉਣ ਤੋਂ ਦੋ ਦਿਨਾਂ ਬਾਅਦ ਭੂਚਾਲ ਦੇ ਕੇਂਦਰ ਨੇੜਲੇ ਸ਼ਹਿਰ ਕਹਿਰਾਮਨਮਾਰਸ ‘ਚ ਇਕ ਤਿੰਨ ਸਾਲ ਦੇ ਬੱਚੇ ਆਰਿਫ ਕਾਨ ਨੂੰ ਇਕ ਢਹਿ-ਢੇਰੀ ਹੋਈ ਇਮਾਰਤ ਦੇ ਮਲਬੇ ਹੇਠਿਓਂ ਕੱਢਿਆ ਗਿਆ। ਬੱਚੇ ਦੇ ਪਿਤਾ ਐਰਤੁਗਰੁਲ ਕਿਸੀ ਨੂੰ ਰਾਹਤ ਕਰਮੀ ਪਹਿਲਾਂ ਹੀ ਮਲਬੇ ਹੇਠਿਓਂ ਸੁਰੱਖਿਅਤ ਕੱਢ ਚੁੱਕੇ ਸਨ। ਕੁਝ ਘੰਟੇ ਪਹਿਲਾਂ, ਬਚਾਅ ਦਲ ਦੇ ਮੈਂਬਰਾਂ ਨੇ 10 ਸਾਲਾ ਬੈਤੂਲ ਐਡਿਸ ਨੂੰ ਅਦੀਆਮਨ ਸ਼ਹਿਰ ਵਿੱਚ ਉਸ ਦੇ ਘਰ ਦੇ ਮਲਬੇ ‘ਚੋਂ ਕੱਢਿਆ। ਜ਼ਿਕਰਯੋਗ ਹੈ ਕਿ ਦੋ ਦਰਜਨ ਤੋਂ ਜ਼ਿਆਦਾ ਦੇਸ਼ਾਂ ਦੇ ਰਾਹਤ ਕਰਮੀ ਤੁਰਕੀ ਦੇ ਐਮਰਜੈਂਸੀ ਸੇਵਾਵਾਂ ਦੇ ਕਰਮੀਆਂ ਨਾਲ ਕੰਮ ਕਰ ਰਹੇ ਹਨ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਰਾਹਤ ਸਮੱਗਰੀ ਆਉਣੀ ਵੀ ਜਾਰੀ ਹੈ। -ਏਪੀ
ਵਿਸ਼ਵ ਸਿਹਤ ਸੰਸਥਾ ਵੱਲੋਂ ਵੀ ਸੀਰੀਆ ਲਈ ਰਾਹਤ ਸਮੱਗਰੀ ਭੇਜਣ ਦੀ ਤਿਆਰੀ
ਲੰਡਨ/ਬੈਰੂਤ: ਵਿਸ਼ਵ ਸਿਹਤ ਸੰਸਥਾ ਵੱਲੋਂ ਭੂਚਾਲ ਪੀੜਤ ਤੁਰਕੀ ਤੇ ਸੀਰੀਆ ਵਿੱਚ ਮੈਡੀਕਲ ਤੇ ਹੋਰ ਰਾਹਤ ਸਮੱਗਰੀ ਭੇਜਣ ਲਈ ਜਹਾਜ਼ ਤਿਆਰ ਕੀਤੇ ਜਾ ਰਹੇ ਹਨ ਅਤੇ ਮਾਹਿਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬ੍ਰੇਸਿਸ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੰਸਥਾ ਵੱਲੋਂ ਇਕ ਉੱਚ ਪੱਧਰੀ ਵਫ਼ਦ ਭੇਜਿਆ ਜਾਵੇਗਾ ਅਤੇ ਮੈਡੀਕਲ ਸਪਲਾਈ ਨਾਲ ਤਿੰਨ ਜਹਾਜ਼ ਤੁਰਕੀ ਤੇ ਸੀਰੀਆ ਭੇਜੇ ਜਾਣਗੇ। ਇਨ੍ਹਾਂ ਵਿੱਚੋਂ ਇਕ ਜਹਾਜ਼ ਪਹਿਲਾਂ ਹੀ ਇਸਤੰਬੁਲ ਲਈ ਰਵਾਨਾ ਹੋ ਚੁੱਕਾ ਹੈ। ਸੀਰੀਆ ਲਈ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦੇ ਡਾ. ਇਮਾਨ ਸ਼ੰਕਿਤੀ ਨੇ ਕਿਹਾ, ”ਮੈਡੀਕਲ ਸਮੱਗਰੀ ਦੀ ਵੱਡੀ ਪੱਧਰ ‘ਤੇ ਲੋੜ ਹੈ।” ਉਧਰ, ਸੰਯੁਕਤ ਰਾਸ਼ਟਰ ਦੇ ਸੀਰੀਆ ਸੰਕਟ ਲਈ ਕੋਆਰਡੀਨੇਟਰ ਮੁਹੰਨਦ ਹਾਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਤੁਰਕੀ ਤੋਂ ਉੱਤਰ-ਪੱਛਮੀ ਸੀਰੀਆ ਤੱਕ ਸਰਹੱਦ ਪਾਰ ਸਹਾਇਤਾ ਵੀਰਵਾਰ ਨੂੰ ਬਹਾਲ ਹੋ ਜਾਵੇਗੀ। ਭੂਚਾਲ ਦੇ ਬਾਅਦ ਤੋਂ ਇਹ ਸਹਾਇਤਾ ਬੰਦ ਪਈ ਸੀ। -ਏਜੰਸੀ