ਕੈਲੀਫੋਰਨੀਆ ’ਚ ਅਗਵਾ ਪੰਜਾਬੀ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ : The Tribune India

ਕੈਲੀਫੋਰਨੀਆ ’ਚ ਅਗਵਾ ਪੰਜਾਬੀ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

ਅਗਵਾ ਵਾਲੀ ਥਾਂ ਤੋਂ ਕੁੱਝ ਦੂਰ ਬਾਗ ’ਚ ਪਈਆਂ ਸਨ ਲਾਸ਼ਾਂ; ਪੁਲੀਸ ਕਰ ਰਹੀ ਹੈ ਮਾਮਲੇ ਦੀ ਜਾਂਚ

ਕੈਲੀਫੋਰਨੀਆ ’ਚ ਅਗਵਾ ਪੰਜਾਬੀ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

ਕਤਲ ਕੀਤੇ ਗਏ ਪਰਿਵਾਰ ਦੀ ਪੁਰਾਣੀ ਤਸਵੀਰ। -ਫੋਟੋ: ਏਪੀ

ਲਾਸ ਏਂਜਲਸ, 6 ਅਕਤੂਬਰ

ਅਮਰੀਕਾ ਦੇ ਸੂਬੇ ਕੈਲੀਫੋਰਨੀਆ ’ਚ ਕੁਝ ਦਿਨ ਪਹਿਲਾਂ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦੇ ਸਾਰੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਬਾਗ ਵਿਚੋਂ ਮਿਲੀਆਂ ਹਨ। ਹੁਸ਼ਿਆਰਪੁਰ ਦੇ ਹਰਸੀ ਪਿੰਡ ਨਾਲ ਸਬੰਧਤ ਇਸ ਪਰਿਵਾਰ ਨੂੰ ਮਰਸਿਡ ਕਾਊਂਟੀ ’ਚ ਉਨ੍ਹਾਂ ਦੇ ਨਵੇਂ ਖੋਲ੍ਹੇ ਗਏ ਟਰੱਕਾਂ ਦੇ ਕਾਰੋਬਾਰ ਵਾਲੀ ਥਾਂ ਤੋਂ ਸੋਮਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਮਰਸਿਡ ਕਾਊਂਟੀ ਦੇ ਸ਼ੈਰਿਫ ਵਰਨ ਵਾਰਨਕੇ ਨੇ ਦੱਸਿਆ ਕਿ ਜਸਦੀਪ ਸਿੰਘ (36), ਜਸਲੀਨ ਕੌਰ (27), ਅਰੂਹੀ ਢੇਰੀ (8 ਮਹੀਨੇ) ਅਤੇ ਉਸ ਦੇ ਤਾਏ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਬੁੱਧਵਾਰ ਸ਼ਾਮ ਇੰਡਿਆਨਾ ਰੋਡ ਅਤੇ ਹਚਿਨਸਨ ਰੋਡ ਨੇੜੇ ਬਾਗ ’ਚੋਂ ਮਿਲੀਆਂ ਹਨ।

ਫੜਿਆ ਗਿਆ ਦੋਸ਼ੀ ਜੀਸਸ ਮੈਨੂਏਲ ਸੈਲਗਾਡੋ। -ਫੋਟੋ: ਏਪੀ

ਵਾਰਨਕੇ ਨੇ ਦੱਸਿਆ ਕਿ ਇਕ ਕਾਮੇ ਨੇ ਬਾਗ ਨੇੜੇ ਲਾਸ਼ਾਂ ਨੂੰ ਦੇਖਿਆ ਅਤੇ ਉਸ ਨੇ ਤੁਰੰਤ ਪੁਲੀਸ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਵਾਰਨਕੇ ਨੇ ਕਿਹਾ ਕਿ ਗੁੱਸੇ ਨੂੰ ਜ਼ਾਹਰ ਕਰਨ ਲਈ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਫੜੇ ਗਏ ਸ਼ੱਕੀ ਜੀਸਸ ਮੈਨੂਏਲ ਸੈਲਗਾਡੋ ਲਈ ਨਰਕ ’ਚ ਵੀ ਕੋਈ ਥਾਂ ਨਹੀਂ ਹੋਵੇਗੀ। ਵਾਰਨਕੇ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਕਿ ਪਰਿਵਾਰ ਦੀ ਹੱਤਿਆ ਕਿਵੇਂ ਹੋਈ ਪਰ ਇੰਨਾ ਜ਼ਰੂਰ ਕਿਹਾ ਕਿ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਫੈਲਣ ਤੋਂ ਪਹਿਲਾਂ ਹੀ ਪਰਿਵਾਰ ਦੀ ਹੱਤਿਆ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਜਿਹੜਾ ਵਿਅਕਤੀ ਉਨ੍ਹਾਂ ਦੀ ਹਿਰਾਸਤ ’ਚ ਹੈ, ਉਹ ਮੁੱਖ ਸ਼ੱਕੀ ਹੈ। ਉਂਜ ਉਨ੍ਹਾਂ ਕਿਹਾ ਕਿ ਇਸ ਕਤਲ ਕਾਂਡ ’ਚ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ। ਲਾਸ਼ਾਂ ਮਿਲਣ ਤੋਂ ਪਹਿਲਾਂ ਪਰਿਵਾਰ ਦੇ ਇਕ ਮੈਂਬਰ ਬਲਵਿੰਦਰ ਨੇ ਲੋਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਜਾਣਕਾਰੀ ਦੇਣ ਲਈ ਉਹ ਅੱਗੇ ਆਉਣ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਟਰੱਕ ਕੰਪਨੀ ’ਚੋਂ ਕੁਝ ਵੀ ਚੋਰੀ ਨਹੀਂ ਹੋਇਆ ਹੈ ਪਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਗਹਿਣੇ ਪਾਏ ਹੋਏ ਸਨ। ਵਾਰਨਕੇ ਨੇ ਦੱਸਿਆ ਸੀ ਕਿ ਅਗਵਾ ਕਰਨ ਤੋਂ ਬਾਅਦ ਇਕ ਪੀੜਤ ਦੇ ਏਟੀਐੱਮ ਦੀ ਵਰਤੋਂ ਮਰਸਿਡ ਤੋਂ 14 ਕਿਲੋਮੀਟਰ ਦੂਰ ਐਟਵਾਟਰ ’ਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਗਵਾਕਾਰ ਨੇ ਫਿਰੌਤੀ ਦੀ ਕੋਈ ਮੰਗ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਪਰਿਵਾਰ ਨੂੰ ਅਗਵਾ ਕਰਨ ਦਾ ਇਕ ਨਵਾਂ ਵੀਡੀਓ ਜਾਰੀ ਕੀਤਾ ਸੀ ਜਿਸ ’ਚ ਜਸਦੀਪ ਸਿੰਘ ਅਤੇ ਅਮਨਦੀਪ ਸਿੰਘ ਦੇ ਹੱਥ ਇਕੱਠਿਆਂ ਬੰਨ੍ਹੇ ਹੋਏ ਨਜ਼ਰ ਆ ਰਹੇ ਹਨ। ਕੁਝ ਪਲਾਂ ਬਾਅਦ ਦੇ ਵੀਡੀਓ ’ਚ ਅਗਵਾਕਾਰ ਜਸਲੀਨ ਅਤੇ 8 ਮਹੀਨਿਆਂ ਦੀ ਬੱਚੇ ਅਰੂਹੀ ਨਾਲ ਟਰੱਕ ’ਚ ਇਮਾਰਤ ਤੋਂ ਬਾਹਰ ਆਉਂਦਾ ਨਜ਼ਰ ਆ ਰਿਹਾ ਹੈ। ਸੈਲਗਾਡੋ (48) ਨੂੰ ਪੁਲੀਸ ਨੇ ਮੰਗਲਵਾਰ ਦੁਪਹਿਰੇ ਹਿਰਾਸਤ ’ਚ ਲਿਆ ਸੀ ਅਤੇ ਉਸ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਸ ਮਗਰੋਂ ਉਹ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਹੈ। ਸ਼ੈਰਿਫ਼ ਦੇ ਦਫ਼ਤਰ ਨੇ ਕਿਹਾ ਕਿ ਸੈਲਗਾਡੋ ਨੇ ਆਪਣੇ ਪਰਿਵਾਰ ਅੱਗੇ ਕਬੂਲਿਆ ਹੈ ਕਿ ਉਸ ਨੇ ਪਰਿਵਾਰ ਨੂੰ ਅਗਵਾ ਕੀਤਾ ਸੀ। ਸੈਲਗਾਡੋ ਨੂੰ 2005 ’ਚ ਡਕੈਤੀ ਦੇ ਦੋਸ਼ ਹੇਠ 11 ਸਾਲ ਦੀ ਜੇਲ੍ਹ ਹੋਈ ਸੀ। ਜਾਂਚਕਾਰਾਂ ਮੁਤਾਬਕ ਸੈਲਗਾਡੋ ਅਤੇ ਅਗਵਾ ਕੀਤਾ ਗਿਆ ਪਰਿਵਾਰ ਪਹਿਲਾਂ ਤੋਂ ਇਕ-ਦੂਜੇ ਨੂੰ ਨਹੀਂ ਜਾਣਦਾ ਸੀ। ਪਰਿਵਾਰਕ ਮੈਂਬਰਾਂ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਸੀ ਕਿ ਯੂਨੀਸਨ ਟਰੱਕਿੰਗ ਕੰਪਨੀ ਇਕ ਹਫ਼ਤੇ ਪਹਿਲਾਂ ਹੀ ਖੋਲ੍ਹੀ ਗਈ ਸੀ। -ਪੀਟੀਆਈ 

ਆਪਣੇ ਪਰਿਵਾਰਕ ਮੈਂਬਰਾਂ ਦੇ ਅਗਵਾ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸੈਣੀ (ਵਿਚਕਾਰ) ਅਤੇ ਸੁਖਦੀਪ ਸਿੰਘ (ਐਨ ਸੱਜੇ)। -ਫੋਟੋ: ਏਪੀ

ਮੁੱਖ ਮੰਤਰੀ ਨੇ ਵਿਦੇਸ਼ ਮੰਤਰਾਲੇ ਦਾ ਦਖ਼ਲ ਮੰਗਿਆ

ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਲੀਫੋਰਨੀਆ ਵਿੱਚ ਪੰਜਾਬੀ ਪਰਿਵਾਰ ਦੇ ਹੋਏ ਕਤਲ ਦੀ ਨਿਖੇਧੀ ਕਰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਸ ਦੀ ਜਾਂਚ ਲਈ ਅਮਰੀਕਾ ਸਰਕਾਰ ਨਾਲ ਗੱਲ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੈਲੀਫੋਰਨੀਆ ਦੀ ਘਟਨਾ ਨੇ ਵਿਸ਼ਵ ਭਰ ’ਚ ਵਸਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਵਹਿਸ਼ੀਆਨਾ ਕਤਲ ਨੇ ਅਮਰੀਕਾ ਵਿਚ ਵੀ ਪੰਜਾਬੀਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ੍ਰੀ ਮਾਨ ਨੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦੇ ਦਖ਼ਲ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਇਹ ਮੁੱਦਾ ਆਪਣੇ ਅਮਰੀਕੀ ਹਮਰੁਤਬਾ ਕੋਲ ਉਠਾਉਣ ਲਈ ਕਿਹਾ।

ਹਰਸੀ ਪਿੰਡ ਦੇ ਲੋਕ ਸਦਮੇ ’ਚ

ਹੁਸ਼ਿਆਰਪੁਰ: ਅਮਰੀਕਾ ’ਚ ਸਿੱਖ ਪਰਿਵਾਰ ਦੇ ਅਗਵਾ ਕੀਤੇ ਗਏ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਮਗਰੋਂ ਉਨ੍ਹਾਂ ਦੇ ਪਿੰਡ ਹਰਸੀ ’ਚ ਸੋਗ ਦੀ ਲਹਿਰ ਫੈਲ ਗਈ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਪਿੰਡ ਦੇ ਲੋਕਾਂ ਨੇ ਹੱਤਿਆ ’ਤੇ ਦੁੱਖ ਜ਼ਾਹਿਰ ਕਰਦਿਆਂ ਮੰਗ ਕੀਤੀ ਹੈ ਕਿ ਵਿਦੇਸ਼ ਜਾਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਉਠਾਏ ਜਾਣ। ਪਰਿਵਾਰਕ ਮੈਂਬਰਾਂ ਦੀ ਹੱਤਿਆ ਦੀ ਖ਼ਬਰ ਜਿਵੇਂ ਹੀ ਹਰਸੀ ਪਿੰਡ ’ਚ ਪਹੁੰਚੀ ਤਾਂ ਜਸਦੀਪ ਅਤੇ ਅਮਨਦੀਪ ਦੇ ਮਾਪਿਆਂ ਰਣਧੀਰ ਸਿੰਘ ਅਤੇ ਕਿਰਪਾਲ ਕੌਰ ਕੋਲ ਅਫ਼ਸੋਸ ਜਤਾਉਣ ਲਈ ਲੋਕ ਪਹੁੰਚਣੇ ਸ਼ੁਰੂ ਹੋ ਗਏ ਸਨ ਪਰ ਘਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਖਾਲੀ ਪਰਤਣਾ ਪਿਆ। ਰਣਧੀਰ ਅਤੇ ਕਿਰਪਾਲ ਕੌਰ ਪਰਿਵਾਰਕ ਮੈਂਬਰਾਂ ਦੇ ਅਗਵਾ ਹੋਣ ਦੀ ਖ਼ਬਰ ਮਿਲਣ ਸਾਰ ਹੀ ਅਮਰੀਕਾ ਲਈ ਰਵਾਨਾ ਹੋ ਗਏ ਸਨ। ਸਰਪੰਚ ਸਿਮਰਨ ਸਿੰਘ ਨੇ ਕਿਹਾ ਕਿ ਪਿੰਡ ’ਚ ਸੋਗ ਹੈ। ਸਰਪੰਚ ਨੇ ਕਿਹਾ ਕਿ ਜਿਹੜੇ ਰਣਧੀਰ ਸਿੰਘ ਦੀ ਭੈਣ ਨੂੰ ਜਾਣਦੇ ਹਨ, ਉਹ ਨੇੜਲੇ ਪਿੰਡ ’ਚ ਉਸ ਦੇ ਘਰ ਅਫ਼ਸੋਸ ਕਰਨ ਲਈ ਗਏ ਹਨ। ਰਣਧੀਰ ਸਿੰਘ ਦੇ ਗੁਆਂਢੀ ਚਰਨਜੀਤ ਸਿੰਘ ਨੇ ਕਿਹਾ ਕਿ ਕੁਝ ਲੋਕ ਜਲੰਧਰ ’ਚ ਅਫ਼ਸੋਸ ਕਰਨ ਲਈ ਰਵਾਨਾ ਹੋਏ ਹਨ ਜਿਥੇ ਜਸਲੀਨ ਦਾ ਪਰਿਵਾਰ ਰਹਿੰਦਾ ਹੈ। ਕੇਂਦਰੀ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਵੀ ਹੱਤਿਆਵਾਂ ’ਤੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਕੇਂਦਰ ਪੀੜਤ ਪਰਿਵਾਰ ਦੀ ਹਮਾਇਤ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ। -ਪੀਟੀਆਈ   

ਅਮਰੀਕੀ ਯੂਨੀਵਰਸਿਟੀ ’ਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ

ਵਾਸ਼ਿੰਗਟਨ: ਅਮਰੀਕਾ ਦੇ ਇੰਡਿਆਨਾ ਸੂਬੇ ਦੀ ਪਰਡਿਊ ਯੂਨੀਵਰਸਿਟੀ ਦੇ ਹੋਸਟਲ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਹੱਤਿਆ ਮਗਰੋਂ ਕਮਰੇ ਵਿੱਚ ਉਸ ਦੇ ਨਾਲ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ। ਪੁਲੀਸ ਨੇ ਬੁੱਧਵਾਰ ਨੂੰ ਦੱਸਿਆ ਕਿ ਇੰਡਿਆਨਾਪੋਲਿਸ ਵਾਸੀ ਵਰੁਣ ਮਨੀਸ਼ ਛੇੜਾ ਪਰਡਿਊ ਯੂਨੀਵਰਸਿਟੀ ਕੰਪਲੈਕਸ ਦੇ ਪੱਛਮੀ ਕੋਨੇ ’ਤੇ ਸਥਿਤ ਮੈਕਚਿਓਨ ਹਾਲ ਵਿੱਚ ਮ੍ਰਿਤਕ ਮਿਲਿਆ। ‘‘ਐੱਨਬੀਸੀ ਨਿਊਜ਼’’ ਨੇ ਪਰਡਿਊ ਯੂਨੀਵਰਸਿਟੀ ਦੀ ਪੁਲੀਸ ਮੁਖੀ ਲੈਜ਼ਲੀ ਵੀਟੇ ਦੇ ਹਵਾਲੇ ਨਾਲ ਕਿਹਾ ਕਿ ਬੁੱਧਵਾਰ ਨੂੰ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਲੈਜ਼ਲੀ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਸਾਈਬਰ ਸੁਰੱਖਿਆ ਵਿਸ਼ੇ ਦੀ ਪੜ੍ਹਾਈ ਕਰ ਰਹੇ ਕੋਰਿਆਈ ਵਿਦਿਆਰਥੀ ਜੀ ਮਿਨ ਨੇ ‘ਜਿਮੀ’ ਸ਼ਾ ਨੇ ਮੰਗਲਵਾਰ ਰਾਤ 12.45 ਵਜੇ 911 ਨੰਬਰ ’ਤੇ ਫੋਨ ਕਰਕੇ ਵਰੁਣ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਸ ਫੋਨ ਕਾਲ ਬਾਰੇ ਵੇਰਵੇ ਨਹੀਂ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਮੈਕਚਿਓਨ ਹਾਲ ਦੀ ਪਹਿਲੀ ਮੰਜ਼ਿਲ ’ਤੇ ਕਮਰੇ ਵਿੱਚ ਵਾਪਰੀ। ਵਰੁਣ ਯੂਨੀਵਰਸਿਟੀ ਵਿੱਚ ਡੇਟਾ ਸਾਇੰਸ ਵਿਸ਼ੇ ਦਾ ਵਿਦਿਆਰਥੀ ਸੀ। ਪੋਸਟਮਾਰਟਮ ਦੀ ਮੁੱਢਲੀ ਰਿਪੋਰਟ ਮੁਤਾਬਕ ਵਰੁਣ ਦੀ ਮੌਤ ‘ਕਈ ਗੰਭੀਰ ਸੱਟਾਂ’ ਕਾਰਨ ਹੋਈ ਹੈ ਅਤੇ ਉਸ ਦੀ ਹੱਤਿਆ ਕੀਤੀ ਗਈ ਹੋਣ ਦਾ ਸ਼ੱਕ ਹੈ। ‘‘ਫੌਕਸ ਨਿਊਜ਼’’ ਮੁਤਾਬਕ ਪੁਲੀਸ ਮੁਖੀ ਲੈਜ਼ਲੀ ਵੀਟੇ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਹਮਲਾ ‘ਬਿਨਾਂ ਕਾਰਨ’ ਕੀਤਾ ਗਿਆ। ਵਰੁਣ ਦੇ ਦੋਸਤ ਅਰੁਨਭ ਸਿਨਹਾ ਨੇ ‘‘ਐੱਨਬੀਸੀ ਨਿਊਜ਼’’ ਨੂੰ ਦੱਸਿਆ ਕਿ ਮੰਗਲਵਾਰ ਆਪਣੇ ਦੋਸਤਾਂ ਨਾਲ ਆਨਲਾਈਨ ਗੱਲਬਾਤ ਦੌਰਾਨ ਉਸ ਨੂੰ ਚੀਕ ਦੀ ਆਵਾਜ਼ ਸੁਣੀ ਸੀ। ਜਦਕਿ ਬਾਕੀ ਦੋਸਤਾਂ ਨੇ ਕਿਹਾ ਕਿ ਉਨ੍ਹਾਂ ਨੇ ਹਮਲੇ ਦੀ ਆਵਾਜ਼ ਸੁਣੀ ਸੀ ਪਰ ਉਹ ਸਮਝ ਨਹੀਂ ਸਕੇ ਕਿ ਉੱਥੇ ਕੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਵਰੁਣ ਦੀ ਮੌਤ ਦੀ ਖ਼ਬਰ ਮਿਲੀ। ਲੈਜ਼ਲੀ ਨੇ ਦੱਸਿਆ ਕਿ ਘਟਨਾ ਮਗਰੋਂ ਪੁਲੀਸ ਵੱਲੋਂ ਜੀ ਮਿਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਲਈ ਥਾਣੇ ਲਿਜਾਇਆ ਗਿਆ ਹੈ। -ਏਪੀ

ਅਮਰੀਕਾ ’ਚ ਭਾਰਤੀ ਰੇਸਤਰਾਂ ਦੀ ਭੰਨਤੋੜ

ਨਿਊਯਾਰਕ: ਅਮਰੀਕਾ ਵਿੱਚ ਭਾਰਤੀਆਂ ਖ਼ਿਲਾਫ਼ ਨਸਲੀ ਭੇਦਭਾਵ ਲਗਾਤਾਰ ਵਧ ਰਿਹਾ ਹੈ। ਇੱਥੇ ਵਰਜੀਨੀਆ ਦੇ ਹੈਨਰਿਕੋ ਕਾਊਂਟੀ ਵਿੱਚ ਇੱਕ ਭਾਰਤੀ ਰੇਸਤਰਾਂ ਦੀ ਭੰਨਤੋੜ ਕੀਤੀ ਗਈ। ਇੱਕ ਸਥਾਨਕ ਮੀਡੀਆ ਰਿਪੋਰਟ ਅਨੁਸਾਰ ਟੋਨੀ ਸੱਪਲ ਵੱਲੋਂ ਚਲਾਏ ਜਾ ਰਹੇ ਰੇਸਤਰਾਂ ਇੰਡੀਆ ਕੇ ਰਾਜਾ ਦੀਆਂ ਕੰਧਾਂ ’ਤੇ ਏਸ਼ੀਆ ਮੂਲ ਦੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਸਪਰੇਅ-ਪੇਂਟ ਨਾਲ ਅਪਮਾਨਜਨਕ ਸ਼ਬਦ ਲਿਖੇ ਗਏ ਅਤੇ ਭੰਨਤੋੜ ਕੀਤੀ ਗਈ। ਸੱਪਲ ਨੇ ਰਿਚਮੰਡ ਟਾਈਮਜ਼ ਡਿਸਪੈਚ ਨਾਲ ਗੱਲਬਾਤ ਕਰਦਿਆਂ ਦੱਸਿਆ, ‘‘ਪਿਛਲੇ 27 ਸਾਲਾਂ ਤੋਂ ਇਹ ਸਾਡਾ ਘਰ ਹੈ। ਕਿਸੇ ਨੇ ਵੀ ਸਾਡੇ ਲਈ ਅਜਿਹਾ ਗੁੱਸਾ ਜਾਂ ਨਫ਼ਰਤ ਨਹੀਂ ਦਿਖਾਈ।’’ ਉਸ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਦੇ ਅਖ਼ੀਰ ’ਤੇ ਇੱਕ ਸਮਾਰੋਹ ਤੋਂ ਪਰਤ ਰਿਹਾ ਸੀ ਕਿ ਉਸ ਨੂੰ ਨਸਲੀ ਗੁੱਸੇ ਦਾ ਸਾਹਮਣਾ ਕਰਨਾ ਪਿਆ। ਹੈਨਰਿਕੋ ਵਿੱਚ 1995 ਤੋਂ ਚੱਲ ਰਹੇ ਰੇਸਤਰਾਂ ਨੇ ਕਰੋਨਾ ਮਹਾਮਾਰੀ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਸੀ। ਪੁਲੀਸ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਪੜਤਾਲ ਜਾਰੀ ਹੈ ਅਤੇ ਸ਼ੱਕੀ ਅਜੇ ਵੀ ਫਰਾਰ ਹਨ। ਵਰਜੀਨੀਆ ਸਟੇਟ ਡੈਲੀਗੇਟ ਦੇ ਰੋਡਨੀ ਵਿਲੇਟ ਨੇ ਟਵੀਟ ਕਰਦਿਆਂ ਕਿਹਾ, ‘‘ਇਹ ਘਿਣਾਉਣੀ ਕਾਰਵਾਈ ਹੈ। ਅਸੀਂ ਹੈਨਰਿਕੋ ਵਿੱਚ ਅਜਿਹੇ ਨਫ਼ਰਤੀ ਅਪਰਾਧ ਅਤੇ ਨਸਲੀ ਭੇਦਭਾਵ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇੰਡੀਆ ਕੇ ਰਾਜਾ ਸਾਡਾ ਹਰਮਨਪਿਆਰਾ ਰੇਸਤਰਾਂ ਹੈ।’’ ਹਾਊਸ ਆਫ ਡੈਲੀਗੇਟਜ਼ ਦੇ ਬੌਬ ਸ਼ਿਪੀ ਨੇ ਕਿਹਾ ਕਿ ਕੇਂਦਰੀ ਵਰਜੀਨੀਆ ਵਿੱਚ ਇੰਡੀਆ ਕੇ ਰਾਜਾ ਭਾਰਤੀ ਖਾਣੇ ਲਈ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਨਫ਼ਰਤੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇੱਕ ਖੋਜ ਮੁਤਾਬਿਕ ਨਿਊਯਾਰਕ, ਸਾਂ ਫਰਾਂਸਿਸਕੋ, ਲਾਸ ਏਂਜਲਸ ਅਤੇ ਹੋਰ ਸ਼ਹਿਰਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਏਸ਼ੀਅਨ ਲੋਕਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਿੱਚ 339 ਫ਼ੀਸਦ ਵਾਧਾ ਦਰਜ ਕੀਤਾ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ