ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਸਰਕਾਰੀ ਫੰਡਾਂ ਨਾਲ ਸਬੰਧਤ ਬਿੱਲ ’ਤੇ ਦਸਤਖ਼ਤ ਕਰ ਦਿੱਤੇ ਜਿਸ ਨਾਲ ਰਿਕਾਰਡ 43 ਦਿਨਾਂ ਤੋਂ ਜਾਰੀ ਤਾਲਾਬੰਦੀ (ਸ਼ੱਟਡਾਊਨ) ਖ਼ਤਮ ਹੋ ਗਈ। ਤਾਲਾਬੰਦੀ ਕਰ ਕੇ ਸੰਘੀ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਦਬਾਅ ਝੱਲਣਾ ਪੈ ਰਿਹਾ ਸੀ। ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸਨ, ਵੱਡੀ ਗਿਣਤੀ ਯਾਤਰੀ ਹਵਾਈ ਅੱਡਿਆਂ ’ਤੇ ਫਸ ਗਏ ਸਨ ਅਤੇ ਕੁਝ ਖੁਰਾਕੀ ਕੇਂਦਰਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗਦੀਆਂ ਸਨ। ਪ੍ਰਤੀਨਿਧ ਸਭਾ ਵੱਲੋਂ 222-209 ਦੇ ਬਹੁਮਤ ਨਾਲ ਬਿੱਲ ਪਾਸ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਸ੍ਰੀ ਟਰੰਪ ਨੇ ਇਸ ’ਤੇ ਸਹੀ ਪਾ ਦਿੱਤੀ। ਸੈਨੇਟ ਨੇ ਸੋਮਵਾਰ ਨੂੰ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੀ।
ਬਿੱਲ ’ਤੇ ਦਸਤਖ਼ਤ ਕੀਤੇ ਜਾਣ ਨਾਲ ਸ੍ਰੀ ਟਰੰਪ ਦੀ ਸਰਕਾਰ ਸਮੇਂ ਦੂਜੀ ਤਾਲਾਬੰਦੀ ਸਮਾਪਤ ਹੋ ਗਈ ਹੈ। ਇਸ ਤਾਲਾਬੰਦੀ ਨੇ ਵਾਸ਼ਿੰਗਟਨ ਵਿਚ ਪੱਖਪਾਤੀ ਵੰਡ ਨੂੰ ਹੋਰ ਹਵਾ ਦਿੱਤੀ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਇਕਤਰਫ਼ਾ ਕਾਰਵਾਈ ਕੀਤੀ ਜਿਸ ਵਿਚ ਪ੍ਰਾਜੈਕਟਾਂ ਨੂੰ ਰੱਦ ਕਰਨਾ ਅਤੇ ਫੈਡਰਲ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਕੋਸ਼ਿਸ਼ ਕਰਨਾ ਸ਼ਾਮਲ ਸੀ ਤਾਂ ਜੋ ਡੈਮੋਕਰੈਟਸ ’ਤੇ ਮੰਗਾਂ ਨੂੰ ਲੈ ਕੇ ਨਰਮ ਰੁਖ਼ ਅਪਣਾਉਣ ਲਈ ਦਬਾਅ ਬਣਾਇਆ ਜਾ ਸਕੇ। ਤਾਲਾਬੰਦੀ ਕਾਰਨ ਸੰਸਦ ’ਚ 19 ਸਤੰਬਰ ਤੋਂ ਬਾਅਦ ਕੋਈ ਕੰਮਕਾਜ ਨਹੀਂ ਹੋ ਸਕਿਆ। ਉਂਝ, ਡੈਮੋਕਰੈਟਿਕ ਆਗੂ ਹਕੀਮ ਜੈਫਰੀਜ਼ ਨੇ ਕਿਹਾ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ ਹੈ ਅਤੇ ਇਹ ਤਾਂ ਹੁਣ ਸ਼ੁਰੂ ਹੋਵੇਗੀ; ਭਾਵੇਂ ਵੋਟ ਉਨ੍ਹਾਂ ਦੇ ਪੱਖ ’ਚ ਨਾ ਪੈਣ ਪਰ ਉਹ ਸਬਸਿਡੀ ਵਿਸਥਾਰ ਤੋਂ ਪਿਛਾਂਹ ਨਹੀਂ ਹਟਣਗੇ।

