ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ, 61 ਹਲਾਕ : The Tribune India

ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ, 61 ਹਲਾਕ

150 ਜ਼ਖ਼ਮੀਆਂ ਵਿੱਚ ਬਹੁਗਿਣਤੀ ਪੁਲੀਸ ਕਰਮੀ ਸ਼ਾਮਲ

ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ, 61 ਹਲਾਕ

ਪਿਸ਼ਾਵਰ ਦੇ ਹਸਪਤਾਲ ’ਚ ਜ਼ਖ਼ਮੀਆਂ ਨੂੰ ਲਿਆਉਂਦੇ ਹੋਏ ਬਚਾਅ ਕਰਮੀ। -ਫੋਟੋ: ਪੀਟੀਆਈ

ਪਿਸ਼ਾਵਰ, 30 ਜਨਵਰੀ

ਮੁੱਖ ਅੰਸ਼

  • ਹਸਪਤਾਲਾਂ ’ਚ ਐਮਰਜੈਂਸੀ ਐਲਾਨੀ, ਸ਼ਹਿਰੀਆਂ ਨੂੰ ਖ਼ੂਨ ਦਾਨ ਕਰਨ ਦੀ ਅਪੀਲ
  • ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਲਈ ਹਮਲੇ ਦੀ ਜ਼ਿੰਮੇਵਾਰੀ
  • ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਹਮਲੇ ਦੀ ਨਿਖੇਧੀ

ਪਿਸ਼ਾਵਰ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜ਼ੋਨ ਵਿਚ ਪੈਂਦੀ ਮਸਜਿਦ ਵਿੱਚ ਅੱਜ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ਵਿੱਚ ਘੱਟੋ-ਘੱਟ 61 ਵਿਅਕਤੀਆਂ ਦੀ ਮੌਤ ਅਤੇ 150 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸੁਰੱਖਿਆ ਤੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ’ਚ ਬਹੁਗਿਣਤੀ ਪੁਲੀਸ ਮੁਲਾਜ਼ਮਾਂ ਦੀ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ, ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਉਧਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਨੇ ਦਾਅਵਾ ਕੀਤਾ ਕਿ ਉਸ ਨੇ ਆਤਮਘਾਤੀ ਹਮਲਾ ਕਰਕੇ ਆਪਣੇ ਮਰਹੂਮ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਦੀ ਮੌਤ ਦਾ ਬਦਲਾ ਲਿਆ ਹੈ। ਖੁਰਾਸਾਨੀ ਪਿਛਲੇ ਸਾਲ ਅਗਸਤ ਵਿੱਚ ਅਫ਼ਗ਼ਾਨਿਸਤਾਨ ’ਚ ਮਾਰਿਆ ਗਿਆ ਸੀ। ਉਧਰ ਪਿਸ਼ਾਵਰ ਦੇ ਹਸਪਤਾਲਾਂ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਹਸਪਤਾਲ ਨੇ ਸ਼ਹਿਰੀਆਂ ਨੂੰ ਖੂਨ ਦਾਨ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਹਤਿਆਤ ਵਜੋਂ ਰਾਜਧਾਨੀ ਇਸਲਾਮਾਬਾਦ ਸਣੇ ਹੋਰਨਾਂ ਪ੍ਰਮੱਖ ਸ਼ਹਿਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਸੂਹੀਆ ਤੰਤਰ ਵਿੱਚ ਸੁਧਾਰ ’ਤੇ ਜ਼ੋਰ ਦਿੱਤਾ ਹੈ।

ਮਸਜਿਦ ’ਚ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਦੇ ਹੋਏ ਬਚਾਅ ਕਰਮੀ। -ਫੋਟੋ: ਪੀਟੀਆਈ

ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਬਾਅਦ ਦੁਪਹਿਰ 1:40 ਵਜੇ ਦੇ ਕਰੀਬ ਪੁਲੀਸ ਲਾਈਨਜ਼ ਇਲਾਕੇ ਵਿਚਲੀ ਮਸਜਿਦ ਵਿੱਚ ਹੋਇਆ। ਦੁਪਹਿਰ ਦੀ ਨਮਾਜ਼ (ਜ਼ੁਹਰ) ਮੌਕੇ ਪਹਿਲੀ ਕਤਾਰ ਵਿੱਚ ਮੌਜੂਦ ਖ਼ੁਦਕੁਸ਼ ਬੰਬਾਰ ਨੇ ਖੁ਼ਦ ਨੂੰ ਉਡਾ ਲਿਆ। ਪਿਸ਼ਾਵਰ ਦੇ ਕਮਿਸ਼ਨਰ ਰਿਆਜ਼ ਮਹਿਸੂਦ ਨੇ ਕਿਹਾ ਕਿ ਮਸਜਿਦ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਡਿਪਟੀ ਕਮਿਸ਼ਨਰ ਸ਼ਫ਼ੀਉੱਲ੍ਹਾ ਖ਼ਾਨ ਨੇ ਮੀਡੀਆ ਨੂੰ ਦੱਸਿਆ ਕਿ ਆਤਮਘਾਤੀ ਹਮਲੇ ਵਿੱਚ 50 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ ਜਦੋਂਕਿ 100 ਤੋਂ ਵੱਧ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਲੇਡੀ ਰੀਡਿੰਗ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 46 ਵਿਅਕਤੀਆਂ ਦੀ ਮੌਤ ਹੋਈ ਹੈ ਜਦੋੋਂਕਿ ਪਿਸ਼ਾਵਰ ਪੁਲੀਸ ਨੇ 38 ਪੀੜਤਾਂ ਦੀ ਸੂਚੀ ਜਾਰੀ ਕੀਤੀ ਹੈ। ਇਕ ਚਸ਼ਮਦੀਦ ਨੇ ਕਿਹਾ ਕਿ ਜ਼ਖ਼ਮੀਆਂ ਵਿੱਚ ਜ਼ਿਆਦਾਤਰ ਪੁਲੀਸ ਮੁਲਾਜ਼ਮ ਸ਼ਾਮਲ ਹਨ। ‘ਡਾਅਨ’ ਅਖ਼ਬਾਰ ਨੇ ਕੈਪੀਟਲ ਸਿਟੀ ਦੇ ਪੁਲੀਸ ਅਧਿਕਾਰੀ ਮੁਹੰਮਦ ਇਜਾਜ਼ ਖਾਨ ਦੇ ਹਵਾਲੇ ਨਾਲ ਕਿਹਾ ਕਿ ਅਜੇ ਵੀ ਵੱਡੀ ਗਿਣਤੀ ਪੁਲੀਸ ਦੇ ਜਵਾਨ ਮਲਬੇ ਹੇਠ ਦੱਬੇ ਹੋਏ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ। ਖਾਨ ਨੇ ਕਿਹਾ ਕਿ ਧਮਾਕੇ ਮੌਕੇ 300 ਤੋਂ 400 ਪੁਲੀਸ ਮੁਲਾਜ਼ਮ ਉਥੇ ਮੌਜੂਦ ਸਨ। ਪਿਸ਼ਾਵਰ ਦੇ ਐੱਸਪੀ (ਜਾਂਚ) ਸ਼ਜਾਦ ਕੌਕਬ, ਜਿਨ੍ਹਾਂ ਦਾ ਦਫ਼ਤਰ ਮਸਜਿਦ ਦੇ ਨੇੜੇ ਹੈ, ਨੇ ਮੀਡੀਆ ਨੂੰ ਦੱਸਿਆ ਕਿ ਉਹ ਮਸਜਿਦ ਵਿੱਚ ਨਮਾਜ਼ ਲਈ ਦਾਖ਼ਲ ਹੋਇਆ ਹੀ ਸੀ ਕਿ ਧਮਾਕਾ ਹੋ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਕਿਸਮਤ ਨਾਲ ਹਮਲੇ ਤੋਂ ਬਚ ਗਿਆ। ਖ਼ੁਦਕੁਸ਼ ਬੰਬਾਰ ਪੁਲੀਸ ਲਾਈਨਜ਼ ਵਿੱਚ ਬਣੀ ਉੱਚ ਸੁਰੱਖਿਆ ਵਾਲੀ ਮਸਜਿਦ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਰਿਹਾ। ਮਸਜਿਦ ਵਿੱਚ ਦਾਖ਼ਲ ਹੋਣ ਲਈ ਚਾਰ ਪਰਤੀ ਸੁਰੱਖਿਆ ਘੇਰੇ ’ਚੋਂ ਹੋ ਕੇ ਲੰਘਣਾ ਪੈਂਦਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਧਮਾਕੇ ਨਾਲ ਮਸਜਿਦ ਦਾ ਇਕ ਹਿੱਸਾ ਢਹਿ ਗਿਆ ਤੇ ਕਈ ਲੋਕ ਇਸ ਦੇ ਮਲਬੇ ਹੇਠ ਦੱਬੇ ਹੋ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਪਿਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਕਿਹਾ ਕਿ ਜ਼ਖਮੀਆਂ ’ਚੋਂ 13 ਦੀ ਹਾਲਤ ਬਹੁਤ ਨਾਜ਼ੁਕ ਹੈ। ਪਿਸ਼ਾਵਰ ਦੇ ਹਸਪਤਾਲ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਹਸਪਤਾਲ ਨੇ ਨਾਗਰਿਕਾਂ ਨੂੰ ਪੀੜਤਾਂ ਲਈ ਖ਼ੂਨ ਦਾਨ ਕੀਤੇ ਜਾਣ ਦੀ ਅਪੀਲ ਕੀਤੀ ਹੈ। ਪਿਸ਼ਾਵਰ ’ਚ ਹੋਏ ਧਮਾਕੇ ਮਗਰੋਂ ਇਸਲਾਮਾਬਾਦ ਸਣੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਖੈਬਰ ਪਖਤੂਨਖਵਾ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖ਼ਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਧਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਮਸਜਿਦ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਿਛਲੇ ਸਾਲ ਪਿਸ਼ਾਵਰ ਸ਼ਹਿਰ ਦੇ ਕੂਚਾ ਰਿਸਾਲਦਾਰ ਇਲਾਕੇ ਵਿੱਚ ਸ਼ੀਆ ਮਸਜਿਦ ਵਿੱਚ ਹੋਏ ਮਿਲਦੇ ਜੁਲਦੇ ਹਮਲੇ ’ਚ 63 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। -ਪੀਟੀਆਈ

ਹਮਲਾਵਰਾਂ ਦਾ ਇਸਲਾਮ ਨਾਲ ਕੋਈ ਲਾਗਾ ਦੇਗਾ ਨਹੀਂ: ਸ਼ਾਹਬਾਜ਼ ਸ਼ਰੀਫ਼

ਪਿਸ਼ਾਵਰ: ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਧਮਾਕੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਪਿਛਲੇ ਹਮਲਾਵਰਾਂ ਦਾ ‘ਇਸਲਾਮ ਨਾਲ ਕੋਈ ਲਾਗਾ ਦੇਗਾ ਨਹੀਂ ਹੈ।’ ਉਨ੍ਹਾਂ ਕਿਹਾ, ‘‘ਦਹਿਸ਼ਤਗਰਦ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਪਾਕਿਸਤਾਨ ਨੂੰ ਬਚਾਉਣ ਦਾ ਆਪਣਾ ਫ਼ਰਜ਼ ਨਿਭਾ ਰਹੇ ਹਨ। ਅਜਿਹੇ ਹਮਲਿਆਂ ਰਾਹੀਂ ਉਹ ਇਨ੍ਹਾਂ ਲੋਕਾਂ ਦੇ ਮਨਾਂ ’ਚ ਖ਼ੌਫ਼ ਪੈਦਾ ਕਰਨਾ ਚਾਹੁੰਦੇ ਹਨ। ਪੂਰਾ ਮੁਲਕ ਅਤਿਵਾਦ ਦੀ ਅਲਾਮਤ ਖਿਲਾਫ਼ ਇਕਜੁੱਟ ਹੋ ਕੇ ਖੜ੍ਹਾ ਹੈ।’’ ਉਧਰ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਹਮਲੇ ਦੀ ਨਿਖੇਧੀ ਕੀਤੀ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All