ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਕਿਸਤਾਨ ’ਚ ਆਤਮਘਾਤੀ ਹਮਲਾ; 44 ਹਲਾਕ

ਪੇਸ਼ਾਵਰ, 30 ਜੁਲਾਈ ਅਫ਼ਗਾਨਿਸਤਾਨ ਦੀ ਹੱਦ ਨਾਲ ਲੱਗਦੇ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ’ਚ ਅੱਜ ਇੱਕ ਕੱਟੜਪੰਥੀ ਇਸਲਾਮੀ ਸਿਆਸੀ ਪਾਰਟੀ ਦੀ ਮੀਟਿੰਗ ਦੌਰਾਨ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ਵਿੱਚ ਇੱਕ ਸਥਾਨਕ ਆਗੂ ਮੌਲਾਨਾ ਜ਼ਿਆਉੱਲਾ ਜਨ ਸਣੇ 44 ਵਿਅਕਤੀ ਹਲਾਕ...
ਧਮਾਕੇ ਮਗਰੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਂਦੇ ਹੋਏ ਰਾਹਤ ਕਰਮੀ। -ਫੋਟੋ: ਰਾਇਟਰਜ਼
Advertisement

ਪੇਸ਼ਾਵਰ, 30 ਜੁਲਾਈ

ਅਫ਼ਗਾਨਿਸਤਾਨ ਦੀ ਹੱਦ ਨਾਲ ਲੱਗਦੇ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ’ਚ ਅੱਜ ਇੱਕ ਕੱਟੜਪੰਥੀ ਇਸਲਾਮੀ ਸਿਆਸੀ ਪਾਰਟੀ ਦੀ ਮੀਟਿੰਗ ਦੌਰਾਨ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ਵਿੱਚ ਇੱਕ ਸਥਾਨਕ ਆਗੂ ਮੌਲਾਨਾ ਜ਼ਿਆਉੱਲਾ ਜਨ ਸਣੇ 44 ਵਿਅਕਤੀ ਹਲਾਕ ਹੋ ਗਏ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਦੁਸ਼ਮਣ ਅਤਿਵਾਦੀਆਂ ਦਾ ਸਫਾਇਆ ਕੀਤਾ ਜਾਵੇਗਾ।

Advertisement

ਬੰਬ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਰਾਹਤ ਕਰਮੀ। -ਫੋਟੋ: ਪੀਟੀਆਈ

ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਕਬਾਇਲੀ ਜ਼ਿਲ੍ਹੇ ਬਜੌਰ ਦੀ ਰਾਜਧਾਨੀ ਖਾਸ ਵਿੱਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇਯੂਆਈ-ਐੱਫ) ਦੇ ਵਰਕਰਾਂ ਦੇ ਸੰਮੇਲਨ ਦੌਰਾਨ ਸ਼ਾਮ ਚਾਰ ਵਜੇ ਦੇ ਕਰੀਬ ਹੋਇਆ। ਪੁਲੀਸ ਤੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ’ਚ ਘੱਟੋ ਘੱਟ 44 ਲੋਕ ਮਾਰੇ ਗਏ ਹਨ ਤੇ 100 ਤੋਂ ਵੱਧ ਜ਼ਖ਼ਮੀ ਹੋਏ ਹਨ। ਇਸ ਸਬੰਧੀ ਟੀਵੀ ’ਤੇ ਨਸ਼ਰ ਹੋਈਆਂ ਵੀਡੀਓਜ਼ ’ਚ ਲੋਕ ਇੱਧਰ-ਉੱਧਰ ਭੱਜਦੇ ਦਿਖਾਈ ਦੇ ਰਹੇ ਹਨ। ਜਦੋਂ ਇਹ ਧਮਾਕਾ ਹੋਇਆ ਤਾਂ 500 ਤੋਂ ਵੱਧ ਲੋਕ ਕਨਵੈਨਸ਼ਨ ’ਚ ਹਿੱਸਾ ਲੈ ਰਹੇ ਸਨ। ਜੇਯੂਆਈ-ਐੱਫ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ ਤੇ ਸੂਬੇ ਦੇ ਮੁੱਖ ਮੰਤਰੀ ਆਜ਼ਮ ਖਾਨ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹਸਪਤਾਲ ਪਹੁੰਚ ਕੇ ਜ਼ਖਮੀਆਂ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਜੇਯੂਆਈਐੱਫ ਵਰਕਰ ਸ਼ਾਂਤ ਰਹਿਣ ਅਤੇ ਸੰਘੀ ਤੇ ਸੂਬਾਈ ਸਰਕਾਰਾਂ ਜ਼ਖਮੀਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਵਾਉਣ।’ ਜੇਯੂਆਈਐੱਫ ਦੇ ਆਗੂ ਹਾਫਿਜ਼ ਹਮਦੁੱਲ੍ਹਾ ਨੇ ਜੀਓ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਅੱਜ ਕਨਵੈਨਸ਼ਨ ’ਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਕੁਝ ਨਿੱਜੀ ਕਾਰਨਾਂ ਕਰਕੇ ਉਹ ਜਾ ਨਹੀਂ ਸਕੇ। ਉਨ੍ਹਾਂ ਕਿਹਾ, ‘ਮੈਂ ਇਸ ਧਮਾਕੇ ਦੀ ਸਖ਼ਤੀ ਨਾਲ ਆਲੋਚਨਾ ਕਰਦਾ ਹਾਂ ਤੇ ਇਸ ਘਟਨਾ ਪਿਛਲੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਇਹ ਜਹਾਦ ਨਹੀਂ ਬਲਕਿ ਅਤਿਵਾਦ ਹੈ। ਇਹ ਮਨੁੱਖਤਾ ਤੇ ਬਜੌਰ ’ਤੇ ਹਮਲਾ ਹੈ।’ ਉਨ੍ਹਾਂ ਘਟਨਾ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੇਯੂਆਈਐੱਫ ’ਤੇ ਹਮਲਾ ਹੋਇਆ ਹੈ। ਉਨ੍ਹਾਂ ਇਸ ਘਟਨਾ ’ਚ ਮਾਰੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਜ਼ਖ਼ਮੀਆਂ ਨੂੰ ਬਿਹਤਰ ਮੈਡੀਕਲ ਸਹੂਲਤ ਮੁਹੱਈਆ ਕਰਵਾਈਆਂ ਜਾਣ। ਸੂਬੇ ਦੇ ਸੂਚਨਾ ਮੰਤਰੀ ਜਮਾਲ ਫਿਰੋਜ਼ ਸ਼ਾਹ ਨੇ ਕਿਹਾ ਕਿ ਪੇਸ਼ਾਵਰ ਤੇ ਦੀਰ ਜ਼ਿਲ੍ਹੇ ਦੇ ਹਸਪਤਾਲਾਂ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰ ਨਹੀਂ ਲਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਗਸਤ 2021 ਵਿੱਚ ਤਾਲਬਿਾਨ ਦੇ ਮੁੜ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਪਾਕਿਸਤਾਨ ’ਤੇ ਅਤਿਵਾਦੀ ਹਮਲੇ ਵੱਧ ਗਏ ਹਨ ਅਤੇ ਅੰਤਰਿਮ ਸ਼ਾਸਕਾਂ ਨੇ ਸਰਹੱਦ ਪਾਰੋਂ ਹੋਣ ਵਾਲੇ ਹਮਲਿਆਂ ਲਈ ਜ਼ਿੰਮੇਵਾਰ ਤਹਿਰੀਕ-ਏ-ਤਾਲਬਿਾਨ ਪਾਕਿਸਤਾਨ (ਟੀਟੀਪੀ) ਸਮੇਤ ਅਤਿਵਾਦੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਦਾ ਸੱਦਾ ਦਿੱਤਾ ਹੈ। -ਪੀਟੀਆਈ

ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ

ਮੁੱਖ ਮੰਤਰੀ ਆਜ਼ਮ ਖਾਨ ਨੇ ਘਟਨਾ ਦੀ ਨਿੰਦਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਖੈਬਰ ਪਖਤੂਨਖਵਾ ਦੇ ਗਵਰਨਰ ਹਾਜੀ ਗੁਲਾਮ ਅਲੀ ਜੋ ਕਿ ਜੇਯੂਆਈਐੱਫ ਦੇ ਕੇਂਦਰੀ ਮੈਂਬਰ ਵੀ ਹਨ, ਨੇ ਇਸ ਘਟਨਾ ਦੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਪੁਲੀਸ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ’ਚ ਜ਼ਖਮੀ ਹੋਏ ਵਿਅਕਤੀਆਂ ’ਚੋਂ ਬਹੁਤਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਲਕੰਦ ਰੇਂਜ ਦੇ ਡੀਆਈਜੀ ਨਾਸਿਰ ਮਹਿਮੂਦ ਸੱਤੀ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਅਨੁਸਾਰ ਇਹ ਧਮਾਕਾ ਆਤਮਘਾਤੀ ਹਮਲਾ ਸੀ ਪਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Tags :
blastpakistan blastpakistan newspeshawar