Strait Of Hormuz ਟਰੰਪ ਵੱਲੋਂ ਇਰਾਨ ’ਤੇ ਹੋਰ ਹਮਲਿਆਂ ਦੀ ਧਮਕੀ
ਕੁਵੈਤ ਵੱਲੋਂ ਇਰਾਨ ’ਤੇ ਡਰੋਨ ਹਮਲਿਆਂ ਦਾ ਦੋਸ਼; ਹਰਮੁਜ਼ ’ਚ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ’ਤੇ ਹੋਰ ਹਮਲਿਆਂ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਹਰਮੁਜ਼ ਜਲ ਮਾਰਗ ਨੂੰ ਦੁਬਾਰਾ ਖੋਲ੍ਹਣ ’ਤੇ ਜ਼ੋਰ ਦੇ ਰਿਹਾ ਹੈ। ਇਸੇ ਦੌਰਾਨ ਕੁਵੈਤ ਨੇ ਅੱਜ ਕਿਹਾ ਕਿ ਉਸ ਨੇ ਇਰਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਦਾ ਜਵਾਬ ਦਿੱਤਾ ਹੈ, ਜਦਕਿ ਹਰਮੁਜ਼ ਵਿੱਚ ਇੱਕ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਮੈਰੀਲੈਂਡ ਵਿੱਚ ਆਪਣੀ ਕੈਬਨਿਟ ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ, ਟਰੰਪ ਨੇ ਕਿਹਾ ਕਿ ‘ਅਸੀਂ ਸਿਰਫ਼ ਜਿੱਤਣਾ ਚਾਹੁੰਦੇ ਹਾਂ’ ਅਤੇ ਸੰਕੇਤ ਦਿੱਤਾ ਕਿ ਅਮਰੀਕੀ ਫ਼ੌਜੀ ਕਾਰਵਾਈ ਕੁਝ ਸਮੇਂ ਲਈ ਜਾਰੀ ਰਹੇਗੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਦੋਸ਼ ਲਾਇਆ ਕਿ ਤਹਿਰਾਨ ਨੇ ਪਿਛਲੇ ਮਹੀਨੇ ਅਮਰੀਕਾ ਨਾਲ ਜੰਗਬੰਦੀ ਬਾਰੇ ਸਮਝੌਤਾ ਪੱਤਰ ’ਤੇ ਦਸਤਖਤ ਕੀਤੇ ਸਨ ਪਰ ਫਿਰ ਜਲਦੀ ਹੀ ‘ਇਸ ਨੂੰ ਤੋੜ ਦਿੱਤਾ, ਵਪਾਰਕ ਸਮੁੰਦਰੀ ਜਹਾਜ਼ਾਂ ’ਤੇ ਗੋਲੀਬਾਰੀ ਕੀਤੀ, ਅਤੇ ਅਮਰੀਕੀ ਸੈਨਿਕਾਂ ਦੀ ਹੱਤਿਆ ਕੀਤੀ।’ ਲੀਵਿਟ ਨੇ ਬਿਆਨ ਵਿੱਚ ਕਿਹਾ ਕਿ ਇਰਾਨ ਉਦੋਂ ਤੱਕ ਕੀਮਤ ਚੁਕਾਉਂਦਾ ਰਹੇਗਾ ਜਦੋਂ ਤੱਕ ਉਹ ਉਸ ਢੰਗ ਨਾਲ ਗੱਲਬਾਤ ਲਈ ਸਹਿਮਤ ਨਹੀਂ ਹੁੰਦਾ, ਜਿਸ ਨੂੰ ਰਾਸ਼ਟਰਪਤੀ ਟਰੰਪ ਸਾਰਥਕ ਮੰਨਦੇ ਹਨ।
ਬਰਤਾਨਵੀ ਜਲ ਸੈਨਾ ਨੇ ਅੱਜ ਕਿਹਾ ਕਿ ਓਮਾਨ ਦੇ ਸਾਹਿਲ ਤੋਂ ਦੂਰ ਹਰਮੁਜ਼ ਜਲ ਮਾਰਗ ਵਿੱਚ ਇੱਕ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇੱਕ ਵੱਖਰਾ ਧਮਾਕਾ ਇੱਕ ਸਮੁੰਦਰੀ ਜਹਾਜ਼ ਦੇ ਨੇੜੇ ਹੋਇਆ। ਹਮਲੇ ਵਿੱਚ ਜਹਾਜ਼ ਦਾ ਇੰਜਣ ਰੂਮ ਨੁਕਸਾਨਿਆ ਗਿਆ।

