South Asians ਵਿਦਿਆਰਥੀਆਂ ਬਾਰੇ Statement ਕਾਰਨ ਵਿਵਾਦ
ਰਿਪਲਬਲਿਕਨ ਉਮੀਦਵਾਰ ਦੀ ਖ਼ੁਦ ਦੀ ਪਾਰਟੀ ਦੇ ਆਗੂਆਂ ਨੇ ਟਿੱਪਣੀਆਂ ਦੀ ਆਲੋਚਨਾ ਕੀਤੀ
ਇੱਕ ਰਿਪਬਲਿਕਨ ਸਿਆਸਤਦਾਨ ਦੀ ਸੋਸ਼ਲ ਮੀਡੀਆ ਪੋਸਟ ਜਿਸ ਵਿੱਚ ਟੈਕਸਸ ’ਚ ਫੁਟਬਾਲ ਮੈਚ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ਿਆਈ ਵਿਦਿਆਰਥੀਆਂ ਨੂੰ ਸਮੱਸਿਆ ਕਿਹਾ ਗਿਆ ਸੀ, ਨੇ ਤੂਫਾਨ ਖੜ੍ਹਾ ਕਰ ਦਿੱਤਾ ਹੈ। ਉਸ ਦੀ ਪਾਰਟੀ ਦੇ ਕਈ ਸਾਥੀਆਂ ਅਤੇ ਡੈਮੋਕਰੈਟਾਂ ਨੇ ਇਨ੍ਹਾਂ ਟਿੱਪਣੀਆਂ ਨੂੰ ਨਸਲੀ ਕਰਾਰ ਦਿੱਤਾ ਹੈ।
ਟੈਕਸਾਸ ਰੇਲਰੋਡ ਕਮਿਸ਼ਨਰ ਲਈ ਰਿਪਬਲਿਕਨ ਉਮੀਦਵਾਰ ਬੋ ਫਰੈਂਚ ਜਿਸ ਨੇ 10 ਕਰੋੜ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਸੀ, ਨੇ ਲੌਂਗਹਾਰਨਜ਼ ਦੀ ਜਿੱਤ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ਿਆਈ ਮੂਲ ਦੇ ਵਿਦਿਆਰਥੀਆਂ ਦੀ ਫੋਟੋ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਦ੍ਰਿਸ਼ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਅਮਰੀਕੀਆਂ ਨੂੰ ਵਿਦੇਸ਼ੀਆਂ ਵੱਲੋਂ ਬੇਦਖ਼ਲ ਕਰ ਦਿੱਤਾ ਗਿਆ ਹੈ। ਇਸੇ ਤਸਵੀਰ ਨੂੰ ਸਾਂਝੀ ਕਰਦਿਆਂ ਇੱਕ ਹੋਰ ਪੋਸਟ ਵਿੱਚ ਫਰੈਂਚ ਨੇ ਲਿਖਿਆ, ‘‘ਮੈਂ ਸੁਣਿਆ ਹੈ ਕਿ ਇਸ ਸਾਲ ਯੂ ਟੀ ਦਾ ਗ੍ਰੈਜੂਏਸ਼ਨ ਸਮਾਰੋਹ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ। ਮੈਨੂੰ ਵਿਸ਼ਵਾਸ ਨਹੀਂ ਹੋਇਆ। ਇਹ ਸਮੱਸਿਆ ਹੁਣ ਸਪੱਸ਼ਟ ਤੌਰ ’ਤੇ ਕਿਸੇ ਵੀ ਵਿਅਕਤੀ ਦੀ ਕਲਪਨਾ ਨਾਲੋਂ ਬਹੁਤ ਜ਼ਿਆਦਾ ਮਾੜੀ ਹੈ।’’
ਸੈਨੇਟਰ ਜੌਹਨ ਕੌਰਨਿਨ ਨੇ ਇਸ ਪੋਸਟ ਦੀ ਨਸਲਵਾਦ ਵਜੋਂ ਆਲੋਚਨਾ ਕੀਤੀ ਅਤੇ ਹੋਰ ਰਿਪਬਲਿਕਨਾਂ ਨੂੰ ਇਸ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ। ਕੌਰਨਿਨ ਨੇ ‘ਐਕਸ’ ਉੱਤੇ ਲਿਖਿਆ, ‘‘ਇਹ ਸੂਬਾ ਪੱਧਰੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਹਨ।’’ ਯੂ ਐੱਸ ਸੈਨੇਟ ਇੰਡੀਆ ਕੌਕਸ ਦੇ ਸਹਿ-ਚੇਅਰਮੈਨ ਕੌਰਨਿਨ ਨੇ ਕਿਹਾ, ‘‘ਕੀ ਹੋਰ ਰਿਪਬਲਿਕਨ ਚੁਣੇ ਹੋਏ ਆਗੂ ਇਸ ਅਸਹਿਣਸ਼ੀਲਤਾ ਅਤੇ ਨਸਲਵਾਦ ਦੀ ਨਿੰਦਾ ਕਰਨਗੇ ਜਾਂ ਜਦੋਂ ਇਹ ਆਮ ਬਣ ਰਿਹਾ ਹੈ ਤਾਂ ਅੱਖਾਂ ਫੇਰ ਲੈਣਗੇ? ਇਸ ਤਰ੍ਹਾਂ ਮਹਾਨ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਤਬਾਹ ਕਰ ਲੈਂਦੀਆਂ ਹਨ। ਦੁੱਖ ਦੀ ਗੱਲ ਹੈ।’’ ਕੌਰਨਿਨ ਜੋ ਖ਼ੁਦ ਰਿਪਬਲਿਕਨ ਅਤੇ ਚਾਰ ਵਾਰ ਦੇ ਸੈਨੇਟਰ ਹਨ, ਇਸ ਸਾਲ ਸੈਨੇਟ ਦੀ ਪ੍ਰਾਇਮਰੀ ਚੋਣ ਟੈਕਸਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਤੋਂ ਹਾਰ ਗਏ ਸਨ।

