ਕੋਲੰਬੋ, 7 ਅਗਸਤ
ਸ੍ਰੀਲੰਕਾ ਦੇ ਰਾਜਪਕਸੇ ਪਰਿਵਾਰ ਦੀ ਸ੍ਰੀਲੰਕਾ ਪੀਪਲਜ਼ ਪਾਰਟੀ (ਐੱਸਐੱਲਪੀਪੀ) ਨੇ ਆਮ ਚੋਣਾਂ ਵਿੱਚ ਦੋ-ਤਿਹਾਈ ਸੀਟਾਂ ’ਤੇ ਜਿੱਤ ਦਰਜ ਕਰਵਾਈ ਹੈ। ਮਹਿੰਦਾ ਰਾਜਾਪਕਸੇ ਚੌਥੀ ਵਾਰ ਐਤਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣਗੇ। ਸੰਸਦ ਦੀਆਂ ਕੁੱਲ 225 ਸੀਟਾਂ ’ਚੋਂ ਐੱਸਐੱਲਪੀਪੀ ਨੇ 145 ਸੀਟਾਂ ਜਿੱਤੀਆਂ ਹਨ। ਪਾਰਟੀ ਭਾਈਵਾਲਾਂ ਨੇ ਪੰਜ ਸੀਟਾਂ ਜਿੱਤੀਆਂ, ਜਿਸ ਨਾਲ ਕੁੱਲ 150 ਸੀਟਾਂ ਪਾਰਟੀ ਦੀ ਝੋਲੀ ਪਈਆਂ। ਪਾਰਟੀ ਨੂੰ 68 ਲੱਖ ਵੋਟ ਪਈ, ਜੋ 59.9 ਫੀਸਦ ਬਣਦੀ ਹੈ। 74 ਵਰ੍ਹਿਆਂ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਇਸ ਜਿੱਤ ਲਈ ਸ੍ਰੀਲੰਕਾ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਊਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਵਾਸੀ ਨਿਰਾਸ਼ ਨਹੀਂ ਹੋਣਗੇ। ਸਰਕਾਰੀ ਬਿਆਨ ਅਨੁਸਾਰ ਮਹਿੰਦਾ ਵਲੋਂ ਐਤਵਾਰ ਨੂੰ ਕੋਲੰਬੋ ਸਥਿਤ ਕੇਲਾਨੀਆ ਦੇ ਇਤਹਾਸਿਕ ਬੁੱਧ ਮੰਦਰ ਵਿੱਚ ਚੌਥੀ ਵਾਰ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਜਾਵੇਗਾ। ਵਿਸ਼ਵ ਭਰ ਦੇ ਆਗੂਆਂ ’ਚੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਹੀ ਫੋਨ ਕਰਕੇ ਮਹਿੰਦਾ ਨੂੰ ਚੋਣ ਨਤੀਜਿਆਂ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਦੋਵਾਂ ਮੁਲਕਾਂ ਵਲੋਂ ਦੁਵੱਲੇ ਸਹਿਯੋਗ ਦੇ ਸਾਰੇ ਖੇਤਰਾਂ ਵਿੱਚ ਇਕੱਠੇ ਕੰਮ ਕਰਨਾ ਜਾਰੀ ਰੱਖਿਆ ਜਾਵੇਗਾ ਅਤੇ ਆਪਣੇ ਵਿਸ਼ੇਸ਼ ਸਬੰਧਾਂ ਨੂੰ ਹੋਰ ਊਚਾਈਆਂ ’ਤੇ ਲਿਜਾਇਆ ਜਾਵੇਗਾ। -ਪੀਟੀਆਈ