ਸ੍ਰੀਲੰਕਾ: ਦੇਸ਼ ਦੀ ਆਰਥਿਕ ਮੰਦਹਾਲੀ ਤੋਂ ਤੰਗ ਲੋਕਾਂ ਵੱਲੋਂ ਰਾਸ਼ਟਰਪਤੀ ਭਵਨ ’ਤੇ ਕਬਜ਼ਾ; ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਾਈ : The Tribune India

ਸ੍ਰੀਲੰਕਾ: ਦੇਸ਼ ਦੀ ਆਰਥਿਕ ਮੰਦਹਾਲੀ ਤੋਂ ਤੰਗ ਲੋਕਾਂ ਵੱਲੋਂ ਰਾਸ਼ਟਰਪਤੀ ਭਵਨ ’ਤੇ ਕਬਜ਼ਾ; ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਾਈ

ਰਾਸ਼ਟਰਪਤੀ ਗੋਟਾਬਾਯਾ 13 ਜੁਲਾਈ ਨੂੰ ਦੇਣਗੇ ਅਸਤੀਫਾ; ਆਰਜ਼ੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲੇਗਾ ਸਪੀਕਰ

ਸ੍ਰੀਲੰਕਾ: ਦੇਸ਼ ਦੀ ਆਰਥਿਕ ਮੰਦਹਾਲੀ ਤੋਂ ਤੰਗ ਲੋਕਾਂ ਵੱਲੋਂ ਰਾਸ਼ਟਰਪਤੀ ਭਵਨ ’ਤੇ ਕਬਜ਼ਾ; ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਾਈ

ਕੋਲੰਬੋ, 9 ਜੁਲਾਈ 

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ 13 ਜੁਲਾਈ ਨੂੰ ਅਸਤੀਫ਼ਾ ਦੇਣਗੇ। ਸ੍ਰੀਲੰਕਾ ਦੀ ਸੰਸਦ ਸਪੀਕਰ ਮਹਿੰਦਾ ਯਪਾ ਅਭੈਵਰਧਨੇ ਨੇ ਸ਼ਨਿਚਰਵਾਰ ਦੇਰ ਰਾਤ ਦੱਸਿਆ ਕਿ ਸ਼ਾਮ ਨੂੰ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੀ ਹੋਈ ਮੀਟਿੰਗ ਮਗਰੋਂ ਉਨ੍ਹਾਂ ਦੇ ਅਸਤੀਫ਼ੇ ਲਈ ਪੱਤਰ ਲਿਖਿਆ ਗਿਆ ਸੀ, ਜਿਸ ਰਾਸ਼ਟਰਪਤੀ ਰਾਜਪਕਸਾ ਨੇ ਇਸ ਫ਼ੈਸਲੇ ਬਾਰੇ ਸੰਸਦ ਦੇ ਸਪੀਕਰ ਨੂੰ ਸੂਚਿਤ ਕੀਤਾ। ਰਾਸ਼ਟਰਪਤੀ ਨੇ ਪੱਤਰ ਦੇ ਜਵਾਬ ਵਿੱਚ ਕਿਹਾ ਕਿ ਉਹ 13 ਜੁਲਾਈ ਨੂੰ ਅਹੁਦਾ ਛੱਡ ਦੇਣਗੇ। ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਵੀ ਪਹਿਲਾਂ ਹੀ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਸ੍ਰੀਲੰਕਾ ’ਚ ਆਰਥਿਕ ਮੰਦਹਾਲੀ ਤੋਂ ਸਤਾਏ ਲੋਕ ਅੱਜ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਘਰ ਦਾਖਲ ਹੋ ਗਏ। ਪ੍ਰਦਰਸ਼ਨਕਾਰੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਇਨ੍ਹਾਂ ਨੂੰ ਖ਼ਿੰਡਾਉਣ ਲਈ ਪੁਲੀਸ ਨੇ ਸਖ਼ਤੀ ਵੀ ਵਰਤੀ। ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਤੇ ਫੌਜ ਨੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਪਰ ਲੋਕ ਸਾਰੇ ਬੈਰੀਕੇਡ ਤੋੜ ਕੇ ਰਾਸ਼ਟਰਪਤੀ ਭਵਨ ’ਚ ਦਾਖਲ ਹੋ ਗਏ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਵੀ ਅੱਗ ਲਾ ਦਿੱਤੀ। ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ’ਚ ਘੱਟੋ-ਘੱਟ 30 ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸ਼ਨਿਚਰਵਾਰ ਰਾਤ ਤੋਂ ਹੀ ਰਾਸ਼ਟਰਪਤੀ ਭਵਨ ਦੇ ਨੇੜੇ ਦੇ ਇਲਾਕੇ 'ਤੇ ਕਬਜ਼ਾ ਕਰੀ ਬੈਠੇ ਪ੍ਰਦਰਸ਼ਨਕਾਰੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਫਿਲਹਾਲ ਰਾਸ਼ਟਰਪਤੀ ਦੇ ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ੱਕ ਹੈ ਕਿ ਉਹ ਬੱਟਾਰਾਮੁੱਲਾ ਸਥਿਤ ਆਰਮੀ ਹੈੱਡਕੁਆਰਟਰ 'ਤੇ ਹਨ। ਇਸੇ ਦੌਰਾਨ ਸ੍ਰੀਲੰਕਾ ਦਾ ਸਿਆਸੀ ਸੰਕਟ ਸੁਲਝਾਉਣ ਲਈ ਵੱਖ ਵੱਖ ਪਾਰਟੀਆਂ ਨੇ ਸਪੀਕਰ ਮਹਿੰਦਾ ਯਪਾ ਅਬੇਯਵਰਦਨਾ ਨੂੰ ਆਰਜ਼ੀ ਤੌਰ ’ਤੇ ਰਾਸ਼ਟਰਪਤੀ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਗਿਆ। ਪਹਿਲਾਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਫੌਰੀ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਵੱਲੋਂ ਅਸਤੀਫੇ ਦੀ ਪੇਸ਼ ਕੀਤੀ ਗਈ ਹੈ। ਕਾਨੂੰਨਘਾੜੇ ਦੁਲਾਸ ਅਲਾਪੱਰੁਮਾ ਨੇ ਟਵੀਟ ਕਰਕੇ ਦੱਸਿਆ ਕਿ ਆਗੂਆਂ ਨੇ ਸੰਸਦ ਦਾ ਇਜਲਾਸ ਇਕ ਹਫ਼ਤੇ ਅੰਦਰ ਸੱਦਣ ’ਤੇ ਸਹਿਮਤੀ ਪ੍ਰਗਟਾਈ ਹੈ ਤਾਂ ਜੋ ਬਹੁਮਤ ਨਾਲ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All