ਕੋਲੰਬੋ, 14 ਅਪਰੈਲ
ਸ੍ਰੀਲੰਕਾ ਨੇ ਮੁਲਕ ਵਿੱਚ ਦਹਿਸ਼ਤੀ ਗਤੀਵਿਧੀਆਂ ਨਾਲ ਜੁੜੇ ਸਬੰਧਾਂ ਦੇ ਮੱਦੇਨਜ਼ਰ 11 ਇਸਲਾਮਿਕ ਗੁੱਟਾਂ ’ਤੇ ਪਾਬੰਦੀ ਲਾ ਦਿੱਤੀ ਹੈ ਜਿਨ੍ਹਾਂ ਵਿੱਚ ਇਸਲਾਮਿਕ ਸਟੇਟ (ਆਈਐੱਸਆਈਐੱਸ) ਅਤੇ ਅਲ-ਕਾਇਦਾ ਸ਼ਾਮਲ ਹਨ। ਇਨ੍ਹਾਂ ਜਥੇਬੰਦੀਆਂ ਨਾਲ ਮਿਲ ਕੇ ਸਾਜ਼ਿਸ਼ ਰਚਣ ਵਾਲੇ ਵਿਅਕਤੀ ਨੂੰ 10 ਤੋਂ 20 ਸਾਲਾਂ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਰਾਸ਼ਟਰਪਤੀ ਨੇ ਇੱਕ ਵਿਸ਼ੇਸ਼ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਕੇ ‘ਪ੍ਰੀਵੈਨਸ਼ਨ ਆਫ਼ ਟੈਰੋਰਿਜ਼ਮ ਪ੍ਰੋਵਿਜ਼ਨਜ਼ ਐਕਟ’ ਤਹਿਤ ਇਨ੍ਹਾਂ ਗੁੱਟਾਂ ’ਤੇ ਪਾਬੰਦੀ ਲਗਾ ਦਿੱਤੀ। ਇਸ ਨੋਟੀਫਿਕੇਸ਼ਨ ਮੁਤਾਬਕ ਕੋਈ ਵੀ ਵਿਅਕਤੀ ਜੋ ਵਿਰੋਧ ’ਚ ਕੰਮ ਕਰਦਾ ਹੈ ਜਾਂ ਗਲਤ ਕੰਮ ਲਈ ਸਾਜ਼ਿਸ਼ ਕਰਦਾ ਹੈ, ਨੂੰ 10 ਤੋਂ 20 ਸਾਲਾਂ ਦੀ ਜੇਲ੍ਹ ਹੋ ਸਕਦੀ ਹੈ। ਨੋਟੀਫਿਕੇਸ਼ਨ ਮੁਤਾਬਕ ਸ੍ਰੀਲੰਕਾ ਦੀ ਸਰਕਾਰ ਨੇ 11 ਦਹਿਸ਼ਤੀ ਜਥੇਬੰਦੀਆਂ ’ਤੇ ਮੁਲਕ ਵਿੱਚ ਸ਼ਾਂਤੀ ਯਕੀਨੀ ਬਣਾਈ ਰੱਖਣ ਤੇ ਕੌਮੀ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਕਾਨੂੰਨ ਦੇ ਸ਼ਾਸਨ ਦੀ ਸਥਾਪਤੀ ਲਈ ਪਾਬੰਦੀ ਲਾਈ ਜਾਂਦੀ ਹੈ। ਇਨ੍ਹਾਂ ਗੁੱਟਾਂ ਦੀ ਮੈਂਬਰਸ਼ਿਪ ਹਾਸਲ ਕਰਨਾ, ਇਨ੍ਹਾਂ ਦੇ ਮੈਂਬਰਾਂ ਨਾਲ ਸਬੰਧ ਰੱਖਣਾ, ਪੈਸੇ ਜਾਂ ਸਮੱਗਰੀ ਨਾਲ ਮਦਦ ਕਰਨਾ ਜਾਂ ਕਿਸੇ ਵੀ ਗਤੀਵਿਧੀ ’ਚ ਹਿੱਸਾ ਲੈਣ ਦੀ ਮਨਾਹੀ ਕੀਤੀ ਗਈ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਤੋਂ 20 ਸਾਲ ਦੀ ਸਜ਼ਾ ਹੋ ਸਕਦੀ ਹੈ। -ਪੀਟੀਆਈ