ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਚੀਨ ਪੁੱਜੇ
ਸ਼ੀ ਜਿਨਪਿੰਗ ਨਾਲ ਕਰਨਗੇ ਦੁਵੱਲੇ ਮਸਲਿਆਂ ’ਤੇ ਗੱਲਬਾਤ; ਉੱਤਰੀ ਕੋਰੀਆ ਨੂੰ ਗੱਲਬਾਤ ਲਈ ਮਨਾਉਣ ’ਤੇ ਹੋਵੇਗਾ ਜ਼ੋਰ
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਚਾਰ ਰੋਜ਼ਾ ਦੌਰੇ ’ਤੇ ਅੱਜ ਚੀਨ ਪਹੁੰਚ ਗਏ ਹਨ। ਜੂਨ ਵਿੱਚ ਅਹੁਦਾ ਸੰਭਾਲਣ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਚੀਨ ਯਾਤਰਾ ਹੈ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਤਾਇਵਾਨ ਮੁੱਦੇ ਨੂੰ ਲੈ ਕੇ ਚੀਨ ਅਤੇ ਜਪਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ। ਇਸ ਦੌਰੇ ਦੌਰਾਨ ਲੀ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨਗੇ। ਇਸ ਦੌਰੇ ਦਾ ਮੁੱਖ ਮਕਸਦ ਦੁਵੱਲੇ ਸਬੰਧ ਮਜ਼ਬੂਤ ਕਰਨੇ ਅਤੇ ਕੋਰਿਆਈ ਪ੍ਰਾਇਦੀਪ ’ਚ ਸ਼ਾਂਤੀ ਬਹਾਲੀ ਦੇ ਤਰੀਕਿਆਂ ’ਤੇ ਚਰਚਾ ਕਰਨਾ ਹੈ।
ਉਨ੍ਹਾਂ ਪੇਈਚਿੰਗ ਪਹੁੰਚਣ ਤੋਂ ਪਹਿਲਾਂ ਸਿਓਲ ਵਿੱਚ ਦਿੱਤੀ ਇੰਟਰਵਿਊ ਦੌਰਾਨ ਸਪੱਸ਼ਟ ਕੀਤਾ ਕਿ ਦੱਖਣੀ ਕੋਰੀਆ ਤਾਇਵਾਨ ਮਾਮਲੇ ਵਿੱਚ ‘ਇੱਕ ਚੀਨ’ ਨੀਤੀ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਫੌਜੀ ਸਹਿਯੋਗ ਦਾ ਮਤਲਬ ਚੀਨ ਨਾਲ ਟਕਰਾਅ ਨਹੀਂ ਹੈ। ਦੱਖਣੀ ਕੋਰੀਆ ਚਾਹੁੰਦਾ ਹੈ ਕਿ ਚੀਨ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉੱਤਰੀ ਕੋਰੀਆ ਨੂੰ ਪਰਮਾਣੂ ਪ੍ਰੋਗਰਾਮ ਛੱਡਣ ਅਤੇ ਗੱਲਬਾਤ ਲਈ ਮਨਾਏ। ਉਨ੍ਹਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਭਰੋਸੇਯੋਗ ਗੁਆਂਢੀ’ ਦੱਸਿਆ।
ਉੱਤਰੀ ਕੋਰੀਆ ਨੇ ਸਮੁੰਦਰ ਵੱਲ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ
ਸਿਓਲ: ਉੱਤਰੀ ਕੋਰੀਆ ਨੇ ਅੱਜ ਸਵੇਰੇ ਸਮੁੰਦਰ ਵੱਲ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਹ ਕਾਰਵਾਈ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਦੇ ਚੀਨ ਦੌਰੇ ਤੋਂ ਕੁਝ ਘੰਟੇ ਪਹਿਲਾਂ ਕੀਤੀ ਗਈ। ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਮੁਤਾਬਕ ਮਿਜ਼ਾਈਲਾਂ ਨੇ ਕਰੀਬ 900 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਜਪਾਨ ਦੇ ਰੱਖਿਆ ਮੰਤਰੀ ਸ਼ਿੰਜੀਰੋ ਕੋਇਜ਼ੂਮੀ ਨੇ ਇਸ ਨੂੰ ਗੰਭੀਰ ਮੁੱਦਾ ਦੱਸਦਿਆਂ ਖੇਤਰੀ ਸ਼ਾਂਤੀ ਲਈ ਖ਼ਤਰਾ ਕਰਾਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਆਗਾਮੀ ਸੱਤਾਧਾਰੀ ਪਾਰਟੀ ਕਾਂਗਰਸ ਤੋਂ ਪਹਿਲਾਂ ਆਪਣੀ ਰੱਖਿਆ ਸਮਰੱਥਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਦੱਖਣੀ ਕੋਰੀਆ ਨੇ ਹੰਗਾਮੀ ਮੀਟਿੰਗ ਕਰਕੇ ਇਨ੍ਹਾਂ ਪਰੀਖਣਾਂ ਦੀ ਨਿਖੇਧੀ ਕੀਤੀ ਹੈ। -ਏਪੀ

