Small Plane Crash: ਅਮਰੀਕਾ 'ਚ ਛੋਟਾ ਜਹਾਜ਼ ਕਰੈਸ਼; ਬੱਚੇ ਸਮੇਤ 6 ਦੀ ਮੌਤ
ਐੱਫ ਏ ਏ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਮਾਮਲੇ ਦੀ ਜਾਂਚ ਜਾਰੀ
ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਇੱਕ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਸੌਕ ਕਾਉਂਟੀ (Sauk County) ਦੇ ਸ਼ੈਰਿਫ਼ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਵਿਸਕਾਨਸਿਨ ਡੇਲਜ਼ (Wisconsin Dells) ਇਲਾਕੇ ਦੇ ਨੇੜੇ ਵਾਪਰਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਛੇ ਸੀਟਾਂ ਵਾਲਾ ਇਹ ਸਿੰਗਲ-ਇੰਜਣ ਜਹਾਜ਼ ਅਮਰੀਕੀ ਸ਼ਹਿਰ ਕੇਨੋਸ਼ਾ ਤੋਂ ਮੇਨੋਮੋਨੀ ਜਾ ਰਿਹਾ ਸੀ। ਮੰਗਲਵਾਰ ਰਾਤ 10 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਇਹ ਜਹਾਜ਼ ਡੇਲੋਨਾ ਕਸਬੇ ਵਿੱਚ ਮਿਰਰ ਲੇਕ ਸਟੇਟ ਪਾਰਕ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਲਾਕੇ ਵਿੱਚੋਂ ਲੰਘ ਰਹੇ ਤੂਫਾਨ ਕਾਰਨ ਮੀਂਹ ਪੈ ਰਿਹਾ ਸੀ।
ਸ਼ੈਰਿਫ਼ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਕਰੀਬ 9:30 ਵਜੇ ਜਹਾਜ਼ ਡਿੱਗਣ ਦੀਆਂ ਕਈ ਰਿਪੋਰਟਾਂ ਮਿਲੀਆਂ ਸਨ। ਜਹਾਜ਼ ਵਿੱਚ ਸਫ਼ਰ ਕਰ ਰਹੇ ਪੰਜ ਬਾਲਗਾਂ ਅਤੇ ਇੱਕ ਬੱਚੇ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਪੁਲੀਸ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ 'ਪਾਈਪਰ ਪੀਏ-46' (Piper PA-46) ਜਹਾਜ਼ ਹਾਦਸੇ ਤੋਂ ਪਹਿਲਾਂ ਨੇੜਲੇ ਏਅਰ ਟ੍ਰੈਫਿਕ ਕੰਟਰੋਲ ਟਾਵਰ ਦੇ ਸੰਪਰਕ ਵਿੱਚ ਸੀ। ਸ਼ੈਰਿਫ਼ ਵਿਭਾਗ ਅਤੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਕਿਹਾ ਕਿ ਜਾਂਚਕਰਤਾ ਪਾਇਲਟ ਅਤੇ ਕੰਟਰੋਲ ਟਾਵਰ ਵਿਚਾਲੇ ਹੋਈ ਗੱਲਬਾਤ ਦੀ ਸਮੀਖਿਆ ਕਰ ਰਹੇ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਹਾਦਸੇ ਵਿੱਚ ਖਰਾਬ ਮੌਸਮ ਦਾ ਕੋਈ ਹੱਥ ਸੀ ਜਾਂ ਨਹੀਂ।
ਪੁਲੀਸ ਨੇ ਸਪਸ਼ਟ ਕੀਤਾ ਹੈ ਕਿ ਹੇਠਾਂ ਜ਼ਮੀਨ 'ਤੇ ਮੌਜੂਦ ਕਿਸੇ ਇਮਾਰਤ ਜਾਂ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਮਾਰੇ ਗਏ ਲੋਕਾਂ ਦੇ ਨਾਵਾਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਹੈ। ਐੱਫ ਏ ਏ (FAA) ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

