ਵਾਸ਼ਿੰਗਟਨ: ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਅਮਰੀਕਾ ਨੇ ਹੁਣ ਤੱਕ ਭਾਰਤ ਦੀ ਮਦਦ ਲਈ ਐਮਰਜੈਂਸੀ ਸਪਲਾਈ ਵਾਲੇ ਛੇ ਹਵਾਈ ਜਹਾਜ਼ ਭੇਜੇ ਹਨ। ਇਸ ਸਪਲਾਈ ਵਿਚ ਰੈਮਡੇਸਿਵਿਰ ਦੀ 1,25,000 ਵਾਇਲ, 1500 ਆਕਸੀਜਨ ਸਿਲੰਡਰ, ਦਸ ਲੱਖ ਟੈਸਟ ਕਿੱਟਾਂ ਸ਼ਾਮਲ ਹਨ। ਛੇ ਦਿਨਾਂ ਵਿਚ ਉਤਰੇ ਛੇ ਜਹਾਜ਼ਾਂ ਰਾਹੀਂ 550 ਮੋਬਾਈਲ ਆਕਸੀਜਨ ਕੰਸਨਟਰੇਟਰ ਵੀ ਭੇਜੇ ਗਏ ਹਨ। ਇਹ ਹਵਾ ਤੋਂ ਆਕਸੀਜਨ ਬਣਾਉਣ ਦੇ ਸਮਰੱਥ ਹਨ। ਇਨ੍ਹਾਂ ਨੂੰ ਪੰਜ ਸਾਲ ਤੋਂ ਵੱਧ ਸਮੇਂ ਲਈ ਵਰਤਿਆ ਜਾ ਸਕਦਾ ਹੈ ਤੇ ਇਕੋ ਵਾਰ ਲੋੜ ਮੁਤਾਬਕ ਕਈ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਸਕਦੀ ਹੈ। ਅਮਰੀਕਾ ਨੇ ਲੱਖਾਂ ਐਨ95 ਮਾਸਕ ਵੀ ਭੇਜੇ ਹਨ ਜੋ ਕਿ ਮੈਡੀਕਲ ਪੇਸ਼ੇਵਰਾਂ ਤੇ ਹੋਰ ਫਰੰਟਲਾਈਨ ਵਰਕਰਾਂ ਨੂੰ ਦਿੱਤੇ ਜਾ ਰਹੇ ਹਨ। ‘ਯੂਐੱਸ ਏਡ’ ਮੁਤਾਬਕ ਇਕ ਵੱਡਾ ਆਕਸੀਜਨ ਕੰਸਨਟਰੇਟਰ ਢਾਂਚਾ ਵੀ ਭੇਜਿਆ ਜਾ ਚੁੱਕਾ ਹੈ। -ਪੀਟੀਆਈ