ਗ਼ੈਰ-ਕਾਨੂੰਨੀ ਬਾਰ ’ਚ ਗੋਲੀਬਾਰੀ, 11 ਮੌਤਾਂ
ਦੱਖਣੀ ਅਫਰੀਕਾ ਦੀ ਰਾਜਧਾਨੀ ਪ੍ਰਿਟੋਰੀਆ ਨੇੜੇ ਅੱਜ ਤੜਕੇ ਗੈਰ-ਕਾਨੂੰਨੀ ਬਾਰ ਵਿੱਚ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ 11 ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਪੁਲੀਸ ਮੁਤਾਬਕ ਇਹ ਘਟਨਾ ਸੌਲਸਵਿਲੇ ਟਾਊਨਸ਼ਿਪ ਦੇ ਹੋਸਟਲ ਵਿੱਚ ਚੱਲ ਰਹੇ ਬਾਰ ’ਚ ਵਾਪਰੀ, ਜਿੱਥੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲੇ ਵਿੱਚ 14 ਹੋਰ ਜਣੇ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਤਿੰਨ ਅਣਪਛਾਤੇ ਹਮਲਾਵਰਾਂ ਨੇ ਬਾਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮ੍ਰਿਤਕ ਬੱਚਿਆਂ ਦੀ ਉਮਰ 3, 12 ਅਤੇ 16 ਸਾਲ ਦੱਸੀ ਜਾ ਰਹੀ ਹੈ। ਦਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਇੱਕ ਨੇ ਹਸਪਤਾਲ ਵਿੱਚ ਦਮ ਤੋੜਿਆ। ਗੋਲੀਬਾਰੀ ਸਵੇਰੇ 4:15 ਵਜੇ ਦੇ ਕਰੀਬ ਹੋਈ ਪਰ ਪੁਲੀਸ ਨੂੰ ਸੂਚਨਾ ਕਰੀਬ 6 ਵਜੇ ਮਿਲੀ। ਹਮਲੇ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਅਤੇ ਪੁਲੀਸ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਗੈਰ-ਕਾਨੂੰਨੀ ਬਾਰਾਂ ਵਿੱਚ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਪੁਲੀਸ ਨੇ ਅਪਰੈਲ ਤੋਂ ਸਤੰਬਰ ਦਰਮਿਆਨ 11,000 ਤੋਂ ਵੱਧ ਨਾਜਾਇਜ਼ ਬਾਰ ਬੰਦ ਕਰਵਾਏ ਹਨ ਅਤੇ 18,000 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੇਸ਼ ਵਿੱਚ ਹਰ ਸਾਲ 26,000 ਤੋਂ ਵੱਧ ਕਤਲ ਹੁੰਦੇ ਹਨ, ਜੋ ਦੁਨੀਆ ਵਿੱਚ ਸਭ ਤੋਂ ਵੱਧ ਦਰਾਂ ਵਿੱਚੋਂ ਇੱਕ ਹੈ।
