ਇੱਥੇ ਪੰਜਾਬੀ ਸਕੂਲ ‘ਸੋਨ ਚਿੜੀ ਲੈਂਗੁਏਜ ਐਂਡ ਲਿਟਰੇਚਰ’ ਵੱਲੋਂ ਪ੍ਰਿੰਸੀਪਲ ਗੁਰਪ੍ਰੀਤ ਕੌਰ ਭੰਗੂ ਅਤੇ ਮੈਨੇਜਿੰਗ ਡਾਇਰੈਕਟਰ ਨਵਨੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਕਰਵਾਏ ਗਏ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਵਿਰਸੇ ਨੂੰ ਸਮਰਪਿਤ ਸਾਲਾਨਾ ਸਮਾਗਮ ‘ਸੁਨਹਿਰੀ ਪਰਵਾਜ਼’ ਯਾਦਗਾਰੀ ਹੋ ਨਿਬੜਿਆ। ਸਮਾਗਮ ’ਚ ਪੰਜਾਬੀ ਭਾਈਚਾਰੇ ਨੇ ਪਰਿਵਾਰਾਂ ਸਮੇਤ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਅਸੀਸ ਕੌਰ, ਸਾਹਿਬ ਸਿੰਘ, ਅੰਗਦ ਸਿੰਘ ਅਤੇ ਸਾਚੀ ਕੌਰ ਨੇ ਨਿਭਾਈ।
ਬੱਚਿਆਂ ਨੇ ਮਾਂ-ਬੋਲੀ ਪੰਜਾਬੀ, ਗੁਰਮੁਖੀ ਲਿਪੀ, ਲੋਕ ਨਾਚਾਂ, ਗੀਤਾਂ, ਕਵਿਤਾਵਾਂ ਅਤੇ ਰਵਾਇਤੀ ਪਹਿਰਾਵੇ ਰਾਹੀਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਿੱਧੇ ਅਤੇ ਭੰਗੜੇ ਨੇ ਪੂਰੇ ਮਾਹੌਲ ਨੂੰ ਪੰਜਾਬੀ ਰੰਗ ਵਿੱਚ ਰੰਗ ਦਿੱਤਾ। ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਨੂੰ ਦਸਤਾਵੇਜ਼ੀ ਫਿਲਮ ਦੇ ਰੂਪ ’ਚ ਪੇਸ਼ ਕਰ ਕੇ ਆਸਟਰੇਲਿਆਈ ਜੰਮਪਲ ਨਵੀਂ ਪੀੜ੍ਹੀ ਨੂੰ ਘਰਾਂ ’ਚ ਪੰਜਾਬੀ ਬੋਲਣ, ਪੜ੍ਹਨ ਅਤੇ ਲਿਖਣ ਦਾ ਸੁਨੇਹਾ ਦਿੱਤਾ ਗਿਆ।
ਸਮਾਗਮ ਦੌਰਾਨ ਅਲੋਪ ਹੋ ਰਹੇ ਵਿਰਾਸਤੀ ਰੰਗਾਂ, ਪੁਰਾਤਨ ਪਿੰਡਾਂ ਦੀਆਂ ਸੱਥਾਂ, ਚਰਖਿਆਂ ਅਤੇ ਰਵਾਇਤੀ ਰਸਮਾਂ ਨੂੰ ਮੰਚ ਉੱਤੇ ਉਜਾਗਰ ਕਰ ਕੇ ਬਜ਼ੁਰਗ ਪੀੜ੍ਹੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਦੇਸ਼ੀ ਧਰਤੀ ’ਤੇ ਪੰਜਾਬੀ ਬੋਲੀ ਦੀ ਜੋਤ ਜਗਾਈ ਰੱਖਣ ਲਈ ਸਕੂਲ ਪ੍ਰਬੰਧਕਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਅਖੀਰ ’ਚ ਸ਼ਾਨਦਾਰ ਪੇਸ਼ਕਾਰੀਆਂ ਦੇਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

