ਵਾਰਸਾ, 17 ਸਤੰਬਰ
ਪੋਲੈਂਡ ਨੇ ਯੂਰੋਪੀਅਨ ਯੂਨੀਅਨ ਦੀ ਉਸ ਪਾਬੰਦੀ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਰੂਸ ’ਚ ਰਜਿਸਟਰਡ ਸਾਰੀਆਂ ਮੁਸਾਫ਼ਰ ਕਾਰਾਂ ਨੂੰ ਦੇਸ਼ ’ਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ। ਯੂਕਰੇਨ ਜੰਗ ਦੇ ਮੱਦੇਨਜ਼ਰ ਰੂਸ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਦੀ ਕੜੀ ’ਚ ਇਹ ਨਵੀਂ ਕੜੀ ਜੁੜ ਗਈ ਹੈ। ਯੂਰੋਪੀਅਨ ਯੂਨੀਅਨ ਦੇ ਫ਼ੈਸਲੇ ਮੁਤਾਬਕ ਰੂਸੀ ਫੈਡਰੇਸ਼ਨ ’ਚ ਰਜਿਸਟਰਡ ਮੋਟਰ ਵਾਹਨ ਹੁਣ 27 ਮੈਂਬਰੀ ਬਲਾਕ ਵਿਚ ਦਾਖਲ ਨਹੀਂ ਹੋ ਸਕਣਗੇ। ਪੋਲੈਂਡ ਨੇ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਸ਼ਨਿਚਰਵਾਰ ਅੱਧੀ ਰਾਤ ਤੋਂ ਬਾਅਦ ਰੂਸੀ ਕਾਰਾਂ ਪੋਲੈਂਡ ਵਿਚ ਦਾਖਲ ਨਹੀਂ ਹੋ ਸਕਣਗੀਆਂ। ਪੋਲੈਂਡ ਨੇ ਕਿਹਾ ਹੈ ਕਿ ਰੂਸ ਨੇ ਕੌਮਾਂਤਰੀ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨੇੜਲੇ ਬਾਲਟਿਕ ਮੁਲਕ- ਲਿਥੂਆਨੀਆ, ਲਾਤਵੀਆ ਤੇ ਇਸਟੋਨੀਆ ਰੂਸੀ ਲਾਇਸੈਂਸ ਪਲੇਟ ਵਾਲੇ ਵਾਹਨਾਂ ਦਾ ਮੁਲਕ ਵਿਚ ਦਾਖਲਾ ਰੋਕ ਚੁੱਕੇ ਹਨ। ਦੱਸਣਯੋਗ ਹੈ ਕਿ ਪੋਲੈਂਡ ਤੇ ਬਾਲਟਿਕ ਮੁਲਕ ਰੂਸ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਦੇ ਯੂਰੋਪੀ ਮੁਲਕਾਂ ਵਿਚੋਂ ਸਭ ਤੋਂ ਵੱਡੇ ਆਲੋਚਕ ਹਨ। ਇਸ ਤੋਂ ਪਹਿਲਾਂ ਰੂਸ ਦੀ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਦਮਿੱਤਰੀ ਮੈਦਵੇਦੇਵ ਨੇ ਯੂਰੋਪੀ ਕਮਿਸ਼ਨ ਦੇ ਕਦਮ ਨੂੰ ਨਸਲਵਾਦੀ ਦੱਸਿਆ ਸੀ। ਉਨ੍ਹਾਂ ਸੁਝਾਅ ਦਿੱਤਾ ਸੀ ਕਿ ਮਾਸਕੋ ਨੂੰ ਯੂਰੋਪੀਅਨ ਯੂਨੀਅਨ ਨਾਲੋਂ ਕੂਟਨੀਤਕ ਸਬੰਧ ਖਤਮ ਕਰ ਕੇ ਇਸ ਪਾਬੰਦੀ ਦਾ ਜਵਾਬ ਦੇਣਾ ਚਾਹੀਦਾ ਹੈ। -ਏਪੀ