ਸਲੋਵਿਆਂਸਕ, 27 ਜੂਨ
ਰੂਸ ਵੱਲੋਂ ਪੂਰਬੀ ਲੁਹਾਂਸਕ ਖ਼ਿੱਤੇ ’ਤੇ ਮੁਕੰਮਲ ਕਬਜ਼ੇ ’ਚ ਅੜਿੱਕਾ ਡਾਹ ਰਹੇ ਲਿਸੀਚਾਂਸਕ ਸ਼ਹਿਰ ’ਤੇ ਜ਼ੋਰਦਾਰ ਹਮਲੇ ਕੀਤੇ ਜਾ ਰਹੇ ਹਨ। ਸਥਾਨਕ ਗਵਰਨਰ ਨੇ ਕਿਹਾ ਕਿ ਸ਼ਹਿਰ ’ਤੇ ਧਰਤੀ ਅਤੇ ਹਵਾ ਤੋਂ ਬੰਬਾਰੀ ਕੀਤੀ ਜਾ ਰਹੀ ਹੈ। ਲੁਹਾਂਸਕ ਦੇ ਗਵਰਨਰ ਸੇਰਹੀ ਹਾਇਦਾਈ ਨੇ ਕਿਹਾ ਕਿ ਰੂਸੀ ਫ਼ੌਜ ਨੇ ਸਿਵਿਏਰੋਦੋਨੇਤਸਕ ’ਤੇ ਕਬਜ਼ੇ ਮਗਰੋਂ ਹੁਣ ਸਾਰਾ ਜ਼ੋਰ ਲਿਸੀਚਾਂਸਕ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਰੂਸ ਵੱਲੋਂ ਦੱਖਣ ਤੋਂ ਸ਼ਹਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਇਦਾਈ ਮੁਤਾਬਕ ਰੂਸੀ ਫ਼ੌਜ ਰਾਹ ’ਚ ਆ ਰਹੀ ਹਰ ਚੀਜ਼ ਨੂੰ ਤਬਾਹ ਕਰਦੀ ਜਾ ਰਹੀ ਹੈ। ਫ਼ੌਜੀ ਮਾਹਿਰ ਓਲੇਹ ਜ਼ਡਾਨੋਵ ਨੇ ਕਿਹਾ ਕਿ ਲਿਸੀਚਾਂਸਕ ’ਤੇ ਕਬਜ਼ੇ ਲਈ ਰੂਸੀ ਫ਼ੌਜ ਨੂੰ ਕਈ ਮਹੀਨਿਆਂ ਦੀ ਉਡੀਕ ਕਰਨੀ ਪੈ ਸਕਦੀ ਹੈ। ਉਧਰ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਦਫ਼ਤਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਵੱਖ ਵੱਖ ਸ਼ਹਿਰਾਂ ’ਤੇ ਰੂਸੀ ਬੰਬਾਰੀ ’ਚ ਛੇ ਆਮ ਨਾਗਰਿਕ ਮਾਰੇ ਗਏ ਅਤੇ 31 ਹੋਰ ਜ਼ਖ਼ਮੀ ਹੋ ਗਏ। -ਏਪੀ