Russia Ukraine War ਸੇਂਟ ਪੀਟਰਸਬਰਗ ਤੇਲ ਟਰਮੀਨਲ ’ਤੇ ਯੂਕਰੇਨ ਦਾ ਡਰੋਨ ਹਮਲਾ
ਰੋਜ਼ਾਨਾ ਹੋ ਰਹੇ ਹਮਲਿਆਂ ਕਾਰਨ ਰੂਸ ’ਚ ਈਂਧਣ ਸੰਕਟ ਵਧਣ ਲੱਗਾ
ਯੂਕਰੇਨ ਦੇ ਡਰੋਨ ਨੇ ਅੱਜ ਸੇਂਟ ਪੀਟਰਸਬਰਗ ਵਿੱਚ ਤੇਲ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਹੈ। ਇਹ ਜਾਣਕਾਰੀ ਰੂਸ ਦੇ ਅਧਿਕਾਰੀਆਂ ਨੇ ਦਿੱਤੀ। ਕੀਵ (ਯੂਕਰੇਨ) ਵੱਲੋਂ ਰੂਸ ਦੇ ਤੇਲ ਦੇ ਬਨਿਆਦੀ ਢਾਂਚੇ ’ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਰੂਸੀ ਤੇਲ ਪਲਾਂਟਾਂ ’ਤੇ ਤਕਰੀਬਨ ਰੋਜ਼ਾਨਾ ਹੋ ਰਹੇ ਇਨ੍ਹਾਂ ਹਮਲਿਆਂ ਨੇ ਰੂਸ ਵਿੱਚ ਈਂਧਣ ਸੰਕਟ ਪੈਦਾ ਕਰ ਦਿੱਤਾ ਹੈ ਅਤੇ ਕਰੈਮਲਿਨ ’ਤੇ ਸਿਆਸੀ ਦਬਾਅ ਵਧਾ ਦਿੱਤਾ ਹੈ, ਕਿਉਂਕਿ ਰੂਸ-ਯੂਕਰੇਨ ਜੰਗ ਹੁਣ ਪੰਜਵੇਂ ਸਾਲ ਅੰਦਰ ਦਾਖ਼ਲ ਹੋ ਗਈ ਹੈ।
ਗਵਰਨਰ ਅਲੈਗਜ਼ੈਂਡਰ ਬੈਗਲੋਵ ਨੇ ਦੱਸਿਆ ਕਿ ਬਾਲਟਿਕ ਸਾਗਰ ਸਥਿਤ ਸ਼ਹਿਰ ਦੇ ਕੀਰੋਵਸਕੀ ਜ਼ਿਲ੍ਹੇ ’ਤੇ ਇਹ ਹਮਲਾ ਹੋਇਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਯੂਕਰੇਨ ਦੇ 72 ਡਰੋਨ ਹੇਠਾਂ ਸੁੱਟੇ ਦਿੱਤੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨੀ ਸੈਨਾ ਨੇ ਸੇਂਟ ਪੀਟਰਸਬਰਗ ਦੇ ਸਾਹਿਲ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਕਰੋਨਸਤਾਦ ਟਾਪੂ ’ਤੇ ਫ਼ੌਜੀ ਟਿਕਾਣੇ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਦੂਜੇ ਪਾਸੇ 2014 ਵਿੱਚ ਰੂਸ ਵੱਲੋਂ ਹੜੱਪੇ ਗਏ ਕ੍ਰੀਮੀਆ ਪ੍ਰਾਇਦੀਪ ਨੂੰ ਵੀ ਭਾਰੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਸਥਾਨਕ ਪ੍ਰਸ਼ਾਸਨ ਨੂੰ ਆਮ ਨਾਗਰਿਕਾਂ ਲਈ ਪੈਟਰੋਲ ਦੀ ਵਿਕਰੀ ਮੁਅੱਤਲ ਕਰਨੀ ਪਈ ਹੈ। ਮਾਸਕੋ ਵੱਲੋਂ ਨਿਯੁਕਤ ਗਵਰਨਰ ਸਰਗੇਈ ਅਕਸੀਓਨੋਵ ਨੇ ਦੱਸਿਆ ਕਿ ਅੱਜ ਹੋਏ ਯੂਕਰੇਨੀ ਹਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋ ਗਈ ਅਤੇ 10 ਸਾਲ ਦੇ ਬੱਚੇ ਸਮੇਤ ਦੋ ਹੋਰ ਜ਼ਖ਼ਮੀ ਹੋ ਗਏ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਦੇ ਟੀਚੇ ਪੂਰੇ ਨਹੀਂ ਹੋ ਜਾਂਦੇ।
