Russia-ukraine war: Kyiv ਨੇੜੇ Russian Attack ਕਾਰਨ 37 ਲੋਕਾਂ ਦੀ ਮੌਤ
ਘੱਟੋ ਘੱਟ 50 ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ
ਯੂਕਰੇਨ ਦੀ ਰਾਜਧਾਨੀ ਕੀਵ ਨੇੜੇ ਬੁਚਾ ਜ਼ਿਲ੍ਹੇ ’ਚ ਰੂਸੀ ਹਮਲੇ ਵਿੱਚ ਘੱਟੋ ਘੱਟ 37 ਜਣੇ ਮਾਰੇ ਗਏ ਹਨ। ਸਥਾਨਕ ਖੇਤਰੀ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਤਿਮੁਰ ਤਕਾਚੈਂਕੋ ਨੇ ਕਿਹਾ ਕਿ ਹਮਲੇ ’ਚ ਘੱਟੋ-ਘੱਟ 50 ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਵੱਡੇ ਪੱਧਰ ’ਤੇ ਅੱਗ ਵੀ ਲੱਗ ਗਈ, ਜੋ ਘਰਾਂ ਤੇ ਰੇਸਤਰਾਂ ਤੱਕ ਫੈਲ ਗਈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਯਕੀ ਨੇ ਕਿਹਾ ਕਿ ਮਾਇਲਾ ਪਿੰਡ ’ਚ ਇੱਕ ਗੁਦਾਮ ’ਤੇ ਹਮਲਾ ਹੋਇਆ ਹੈ ਜਿਸ ਮਗਰੋਂ ਧਮਾਕਾ ਹੋਇਆ। ਉਨ੍ਹਾਂ ਉਸ ਥਾਂ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਪਰ ਉਸੇ ਸੁਨੇਹੇ ’ਚ ਲਿਖਿਆ ਕਿ ਅਧਿਕਾਰਤ ਲਾਪ੍ਰਵਾਹੀ ਦੇ ਦੋਸ਼ਾਂ ਹੇਠ ਅਪਰਾਧਕ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ੇਲੈਂਸਕੀ ਨੇ ਕਿਹਾ, ‘‘ਨਿਯਮ ਬਣੇ ਹੋਏ ਹਨ। ਗੋਲਾ-ਬਾਰੂਦ ਘਰਾਂ ਜਾਂ ਹੋਰ ਰਿਹਾਇਸ਼ੀ ਇਲਾਕਿਆਂ ਨੇੜੇ ਜਮ੍ਹਾਂ ਨਹੀਂ ਕੀਤਾ ਜਾ ਸਕਦਾ।’’
ਯੂਕਰੇਨ ਦੇ ਆਗੂ ਨੇ ਲਿਖਿਆ ਕਿ ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਬਣੇ ਕੇਅਰ ਹੋਮ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ, ‘‘370 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ ਅਤੇ ਇਹ ਕੰਮ ਹਾਲੇ ਵੀ ਜਾਰੀ ਹੈ।’’ ਯੂਕਰੇਨ ਦੇ ਪ੍ਰਧਾਨ ਮੰਤਰੀ ਸੇਰਹੀ ਕੋਰੇਤਸਕੀ ਨੇ ਵੀ ਉਸ ਗੁਦਾਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਨ੍ਹਾਂ ਇਸ ਮਹੀਨੇ ਦੀ ਸ਼ੁਰੂਆਤ ’ਚ ਕੀਵ ਦੇ ਨੀਮ ਸ਼ਹਿਰੀ ਇਲਾਕੇ ਵਿਸ਼ਨੇਵੇ ’ਤੇ ਹੋਏ ਹਮਲੇ ਦਾ ਜ਼ਿਕਰ ਕੀਤਾ। ਉਹ ਹਮਲੇ ’ਚ ਗੋਲਾ-ਬਾਰੂਦ ਦੇ ਡਿੱਪੂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ’ਚ 22 ਜਣਿਆਂ ਦੀ ਮੌਤ ਹੋ ਗਈ ਸੀ ਅਤੇ ਜ਼ਬਰਦਸਤ ਧਮਾਕੇ ਤੇ ਅੱਗ ਲੱਗਣ ਕਾਰਨ ਨੇੜਲੇ ਘਰ ਤਬਾਹ ਹੋ ਗਏ ਸਨ।

