ਪੁਲੀਸ ਬਣ ਕੇ ਆਏ ਲੁਟੇਰਿਆਂ ਨੇ ਗੁਜਰਾਤੀ ਪਰਿਵਾਰ ਲੁੱਟਿਆ
ਪੁਲੀਸ ਦੇ ਭੇਸ ਵਿੱਚ ਆਏ ਲੁਟੇਰਿਆਂ ਨੇ ਅੱਜ ਦੁਪਹਿਰ ਬਰੈਂਪਟਨ ਦੀ ਮੁੱਖ ਸੜਕ ’ਤੇ ਸਥਿਤ ਘਰ ’ਚ ਰਹਿੰਦੇ ਗੁਜਰਾਤੀ ਮੂਲ ਦੇ ਪਰਿਵਾਰ ਨੂੰ ਲੁੱਟ ਲਿਆ ਹੈ। ਲੁਟੇਰੇ ਘਰ ’ਚ ਮੌਜੂਦ ਪਿਓ-ਪੁੱਤ ਨੂੰ ਬੰਨ੍ਹ ਕੇ ਅਤੇ ਬਜ਼ੁਰਗ ਔਰਤ ਨੂੰ ਵਾਸ਼ਰੂਮ ਵਿੱਚ...
ਪੁਲੀਸ ਦੇ ਭੇਸ ਵਿੱਚ ਆਏ ਲੁਟੇਰਿਆਂ ਨੇ ਅੱਜ ਦੁਪਹਿਰ ਬਰੈਂਪਟਨ ਦੀ ਮੁੱਖ ਸੜਕ ’ਤੇ ਸਥਿਤ ਘਰ ’ਚ ਰਹਿੰਦੇ ਗੁਜਰਾਤੀ ਮੂਲ ਦੇ ਪਰਿਵਾਰ ਨੂੰ ਲੁੱਟ ਲਿਆ ਹੈ। ਲੁਟੇਰੇ ਘਰ ’ਚ ਮੌਜੂਦ ਪਿਓ-ਪੁੱਤ ਨੂੰ ਬੰਨ੍ਹ ਕੇ ਅਤੇ ਬਜ਼ੁਰਗ ਔਰਤ ਨੂੰ ਵਾਸ਼ਰੂਮ ਵਿੱਚ ਬੰਦ ਕਰ ਕੇ ਘਰ ਦਾ ਕੀਮਤੀ ਸਾਮਾਨ, ਨਕਦੀ ਅਤੇ ਗਹਿਣੇ ਲੈ ਫ਼ਰਾਰ ਹੋ ਗਏ। ਪਰਿਵਾਰ ਦੇ ਗਵਾਂਢੀਆਂ ਨੇ ਦੱਸਿਆ ਕਿ ਲੰਘੀ ਦੁਪਹਿਰ ਡੇਢ ਕੁ ਵਜੇ ਪੁਲੀਸ ਵਰਦੀ ਵਿੱਚ ਮੂੰਹ ਬੰਨ੍ਹ ਕੇ ਆਏ ਚਾਰ ਜਣਿਆਂ ਨੇ ਬਰੈਂਪਟਨ ਦੀ ਕੁਈਨ ਮੈਰੀ ਸਥਿਤ, ਵੇਨਰਾਈਟ ਡਰਾਈਵ ਦੇ ਸਾਹਮਣੇ ਪੈਂਦੇ ਗੁਜਰਾਤੀ ਮੂਲ ਦੇ ਪਰਿਵਾਰ ਦੇ ਘਰ ਦੀ ਘੰਟੀ ਵਜਾਈ ਅਤੇ ਖ਼ੁਦ ਨੂੰ ਪੁਲੀਸ ਵਾਲੇ ਕਹਿ ਕੇ ਦਰਵਾਜ਼ਾ ਖੁਲ੍ਹਵਾਇਆ। ਅੰਦਰ ਦਾਖ਼ਲ ਹੁੰਦੇ ਹੀ ਉਨ੍ਹਾਂ ਪਿਓ-ਪੁੱਤ ਨੂੰ ਬੰਨ੍ਹ ਦਿੱਤਾ ਅਤੇ ਬਜ਼ੁਰਗ ਔਰਤ ਨੂੰ ਵਾਸ਼ਰੂਮ ਵਿੱਚ ਬੰਦ ਕਰ ਦਿੱਤਾ ਅਤੇ ਘਰ ’ਚ ਪਿਆ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਗਵਾਂਢ ’ਚੋਂ ਹੀ ਕਿਸੇ ਨੇ ਪੀਲ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲੀਸ ਨੇ ਘਟਨਾ ਦੀ ਜਾਂਚ ਕੀਤੀ ਹੈ। ਪੁਲੀਸ ਦੇ ਮੀਡੀਆ ਅਧਿਕਾਰੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਜਾਂਚ ਜਾਰੀ ਹੋਣ ਦੀ ਗੱਲ ਕਹਿ ਕੇ ਕੁਝ ਵੀ ਦੱਸਣ ਤੋਂ ਟਾਲਾ ਵੱਟ ਲਿਆ। ਇੱਥੋਂ ਦੇ ਨੇੜਲੇ ਇਲਾਕੇ ’ਚ ਪੰਜ ਦਿਨ ਪਹਿਲਾਂ ਵੀ ਅਜਿਹੀ ਘਟਨਾ ਵਾਪਰੀ ਸੀ। ਚਾਰ ਦਿਨ ਪਹਿਲਾਂ ਤਿੰਨ ਬੰਦੂਕਧਾਰੀਆਂ ਨੇ ਟੋਰਾਂਟੋ ਸ਼ਹਿਰ ਦੇ ਪੌਸ਼ ਇਲਾਕੇ ’ਚ ਸਥਿਤ ਘਰ ’ਚ ਇਸੇ ਢੰਗ ਨਾਲ ਚੋਰੀ ਕੀਤੀ ਸੀ ਅਤੇ ਘਰ ’ਚ ਮੌਜੂਦ ਮਾਤਾ-ਪਿਤਾ ਅਤੇ ਉਨ੍ਹਾਂ ਦੀਆਂ ਜੋ ਜਵਾਨ ਧੀਆਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ। ਉਨ੍ਹਾਂ ’ਚੋਂ ਦੋ ਜਣੇ ਹਾਲੇ ਵੀ ਹਸਪਤਾਲ ਦਾਖ਼ਲ ਹਨ।

