ਲੰਡਨ, 5 ਫਰਵਰੀ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਟਿਮ ਬੈਰੋ ਵਿਚਾਲੇ ਇੱਥੇ ਕੈਬਨਿਟ ਦਫ਼ਤਰ ਵਿੱਚ ਹੋਈ ਮੀਟਿੰਗ ‘ਚ ਸ਼ਾਮਲ ਹੋ ਕੇ ‘ਵਿਸ਼ੇਸ਼ ਸੰਕੇਤ’ ਦਿੱਤੇ ਹਨ।
ਦੋਵੇਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਵਿੱਚ ਸੂਨਕ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਰਤਾਨੀਆ ਵਪਾਰ, ਰੱਖਿਆ, ਵਿਗਿਆਨ ਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦਾ ਸਮਰਥਨ ਕਰਦਾ ਹੈ। ਡੋਵਾਲ ਵਾਸ਼ਿੰਗਟਨ ਦੀ ਯਾਤਰਾ ਤੋਂ ਬਾਅਦ ਬਰਤਾਨੀਆ ਨਾਲ ਸਾਲਾਨਾ ਦੁਵੱਲੀ ਰਣਨੀਤਕ ਗੱਲਬਾਤ ਲਈ ਲੰਡਨ ਆਏ ਹਨ। ਉਨ੍ਹਾਂ ਇਸ ਤੋਂ ਪਹਿਲਾਂ ਅਮਰੀਕੀ ਹਮਰੁਤਬਾ ਜੈਕ ਸੁਲੀਵਨ ਨਾਲ ਵੀ ਇਸੇ ਤਰ੍ਹਾਂ ਦੀ ਗੱਲਬਾਤ ਕੀਤੀ ਸੀ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਤੇ ਵਿਦੇਸ਼ ਮੰਤਰਾਲੇ ਨੇ ਸ਼ਨਿਚਰਵਾਰ ਦੇਰ ਰਾਤ ਇਸ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, ”ਕੈਬਨਿਟ ਦਫ਼ਤਰ ਵਿੱਚ ਸ੍ਰੀ ਟਿਮ ਬੈਰੋ ਤੇ ਸ੍ਰੀ ਡੋਵਾਲ ਵਿਚਾਲੇ ਭਾਰਤ-ਬਰਤਾਨੀਆ ਐੱਨਐੱਸਏ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਸ਼ਾਮਲ ਹੋ ਕੇ ਵਿਸ਼ੇਸ਼ ਸੰਕੇਤ ਦਿੱਤੇ।” ਇਸ ਵਿੱਚ ਕਿਹਾ ਗਿਆ ਹੈ, ”ਪ੍ਰਧਾਨ ਮੰਤਰੀ ਦੇ ਇਸ ਭਰੋਸੇ ਦੀ ਅਹਿਮੀਅਤ ਹੈ ਕਿ ਉਨ੍ਹਾਂ ਦੀ ਸਰਕਾਰ ਵਪਾਰ, ਰੱਖਿਆ, ਵਿਗਿਆਨ ਤੇ ਤਕਨਾਲੋਜੀ ਵਿੱਚ ਰਣਨੀਤਕ ਸਾਂਝੇਦਾਰੀ ਨੂੰ ਹੋਰ ਪੱਕਾ ਕਰਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਸ੍ਰੀ ਟਿਮ ਦੇ ਜਲਦੀ ਭਾਰਤ ਦੌਰੇ ਦਾ ਇੰਤਜ਼ਾਰ ਕਰ ਰਹੇ ਹਾਂ।” -ਪੀਟੀਆਈ