ਲੰਡਨ, 22 ਸਤੰਬਰ
ਬ੍ਰਿਟੇਨ ਸਰਕਾਰ ਨੇ ਭਾਰਤ ਵਿੱਚ ਬਣਾਈ ਗਈ ਆਕਸਫੌਰਡ/ਐਸਟਰਾਜੈਨਿਕਾ ਕੋਵਿਡ ਰੋਕੂ ਵੈਕਸੀਨ ਕੋਵੀਸ਼ੀਲਡ ਨੂੰ ਬੁੱਧਵਾਰ ਨੂੰ ਆਪਣੀ ਕੌਮਾਂਤਰੀ ਟਰੈਵਲ ਐਡਵਾਇਜ਼ਰੀ ਵਿੱਚ ਸ਼ਾਮਲ ਕਰ ਲਿਆ ਹੈ ਪਰ ਭਾਰਤੀ ਯਾਤਰੀਆਂ ਲਈ ਬ੍ਰਿਟਿਸ਼ ਸਰਕਾਰ ਦੀ ਵੈਕਸੀਨ ਮਾਨਤਾ ਪ੍ਰਕਿਰਿਆ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਭਾਰਤੀਆਂ ਨੂੰ ਬ੍ਰਿਟੇਨ ਪਹੁੰਚਣ ’ਤੇ 10 ਦਿਨ ਦੇ ਇਕਾਂਤਵਾਸ ਅਤੇ ਹੋਰ ਨੇਮਾਂ ਦੀ ਪਾਲਣਾ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਬਰਤਾਨੀਆਂ ਸਰਕਾਰ ਵੱਲੋਂ ਭਾਰਤ ਨੂੰ ਅਜੇ ਵੀ ਉਨ੍ਹਾਂ 17 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਨ੍ਹਾਂ ਦੇ ਯਾਤਰੀਆਂ ਦੇ ਕੋਵਿਡ ਟੀਕਾਕਰਨ ਨੂੰ ਬ੍ਰਿਟੇਨ ਵਿੱਚ ਮਾਨਤਾ ਹਾਸਲ ਹੋਵੇਗੀ। ਯੂਕੇ ਦੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਅਨੁਸਾਰ ਭਾਰਤੀ ਵੈਕਸੀਨ ਨੂੰ ਮਾਨਤਾ ਦੇਣ ਬਾਰੇ ਅਜੇ ਕਈ ਸਪਸ਼ਟੀਕਰਨਾਂ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਯੂਕੇ ਸਰਕਾਰ ਵੱਲੋਂ ਜਿਨ੍ਹਾਂ ਕੋਵਿਡ ਵੈਕਸੀਨਾਂ ਨੂੰ ਮਾਨਤਾ ਦਿੱਤੀ ਗਈ ਹੈ ਉਨ੍ਹਾਂ ਵਿੱਚ ਐਸਟਰਾਜੈਨਿਕਾ ਕੋਵੀਸ਼ੀਲਡ, ਐਸਰਾਜੈਨਿਕਾ ਵੈਕਸਜ਼ੇਵਰੀਆ ਅਤੇ ਮੋਡਰਨਾ ਟਾਕੇਦਾ ਸ਼ਾਮਲ ਹਨ। ਐਡਵਾਇਜ਼ਰੀ ਵਿੱਚ ਕਿਹਾ ਗਿਆ ਕਿ ਬ੍ਰਿਟੇਨ ਆਉਣ ਤੋਂ 14 ਦਿਨ ਪਹਿਲਾਂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਜ਼ਰੂਰੀ ਹਨ। ਦੱਸਣਯੋਗ ਹੈ ਕਿ ਬਰਤਾਨੀਆ ਨੇ ਆਪਣੇ ਕੌਮਾਂਤਰੀ ਟਰੈੱਵਲ ਨਿਯਮਾਂ ਦੀ ਮੁੜ ਸਮੀਖਿਆ ਕੀਤੀ ਹੈ ਤੇ ਇਹ ਨਵੇਂ ਨਿਯਮ 4 ਅਕਤੂਬਰ ਤੋਂ ਲਾਗੂ ਹੋਣਗੇ। -ਪੀਟੀਆਈ