ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਓਲੀ ਵੱਲੋਂ ਅੱਜ ਰਾਜਧਾਨੀ ਕਾਠਮੰਡੂ ’ਚ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਇਕੱਠੇ ਕਰਦਿਆਂ ਰੈਲੀ ਕਰਕੇ ਇਹ ਦਿਖਾਉਣ ਦਾ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਕੋਲ ਹਾਲੇ ਵੀ ਸਮਰਥਨ ਹੈ। ਰੈਲੀ ਦੌਰਾਨ ਸ੍ਰੀ ਓਲੀ ਨੇ ਸੰਸਦ ਭੰਗ ਕਰਨ ਦੇ ਆਪਣੇ ਫ਼ੈਸਲੇ ਨੂੰ ਜਾਇਜ਼ ਠਹਿਰਾਇਆ ਅਤੇ ਕਿਹਾ ਕਿ ਕੁਝ ਨੇਤਾ ਉਨ੍ਹਾਂ ਦੀ ਸਰਕਾਰ ਦੇ ਕੰਮਕਾਜ ’ਚ ਅੜਿੱਕੇ ਪਾ ਰਹੇ ਸਨ ਅਤੇ ਉਨ੍ਹਾਂ ਕੋਲ ਜਨਤਾ ਦਾ ਨਵਾਂ ਫ਼ਤਵਾ ਹਾਸਲ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਹਜ਼ਾਰਾਂ ਲੋਕ ਲਾਲ ਕਮਿਊਨਿਸਟ ਝੰਡੇ ਲਹਿਰਾਉਂਦੇ ਹੋਏ ਕਾਠਮੰਡੂ ਦੇ ਕੇਂਦਰ ’ਚ ਇਕੱਠੇ ਹੋਏ ਅਤੇ ਪ੍ਰਧਾਨ ਮੰਤਰੀ ਖੜਗਾ ਪ੍ਰਸਾਦ ਓਲੀ ਦੇ ਹੱਕ ’ਚ ਨਾਅਰੇ ਲਗਾਏ। ਪ੍ਰਧਾਨ ਮੰਤਰੀ ਵੱਲੋਂ ਲੰਘੇ ਵਰ੍ਹੇ 20 ਦਸੰਬਰ ਨੂੰ ਸੰਸਦ ਭੰਗ ਕਰਨ ਅਤੇ 30 ਅਪਰੈਲ ਤੇ 10 ਮਈ 2021 ਨੂੰ ਨਵੀਂਆਂ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤੇ ਜਾਣ ਮਗਰੋਂ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਇੱਕ ਗੁੱਟ ਅਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। -ਏਜੰਸੀਆਂ