ਟੋਰਾਂਟੋ, 26 ਸਤੰਬਰ
ਖਾਲਿਸਤਾਨ ਹਮਾਇਤੀਆਂ ਨੇ ਕੈਨੇਡਾ ਦੇ ਵੈਨਕੂਵਰ, ਓਟਵਾ ਤੇ ਟੋਰਾਂਟੋ ਵਿਚਲੇ ਭਾਰਤੀ ਕੂਟਨੀਤਕ ਮਿਸ਼ਨਾਂ ਦੇ ਬਾਹਰ ਇਕੱਠੇ ਹੇ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਭਾਰਤ ਨਿੱਝਰ ਹੱਤਿਆ ਮਾਮਲੇ ਦੀ ਜਾਂਚ ਵਿਚ ਕੈਨੇਡਾ ਸਰਕਾਰ ਨੂੰ ਸਹਿਯੋਗ ਦੇਵੇ। ਡਾਊਨਟਾਊਨ ਵੈਨਕੂਵਰ ਵਿਚ ਭਾਰਤੀ ਕੌਂਸੁਲ ਜਨਰਲ ਦੇ ਦਫਤਰ ਬਾਹਰ 75 ਦੇ ਕਰੀਬ ਲੋਕ ਇਕੱਤਰ ਹੋਏ ਤੇ ਉਨ੍ਹਾਂ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਵੈਨਕੂਵਰ ਪੁਲੀਸ ਨੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਸੱਦੇ ’ਤੇ ਦਿੱਤੇ ਜਾਣ ਵਾਲੇ ਇਸ ਤਜਵੀਜ਼ਤ ਧਰਨੇ ਦੇ ਮੱਦੇਨਜ਼ਰ ਵੱਖ ਵੱਖ ਥਾਈਂ ਰੋਕਾਂ ਲਾਈਆਂ ਸਨ। ਭਾਰਤੀ ਮਿਸ਼ਨਾਂ ਦੇ ਬਾਹਰ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਇਸੇ ਤਰ੍ਹਾਂ ਟੋਰਾਂਟੋ ਤੇ ਓਟਵਾ ਵਿਚ ਵੀ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ 70 ਦੇ ਕਰੀਬ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਭਾਰਤ ਨਿੱਝਰ ਹੱਤਿਆ ਮਾਮਲੇ ਵਿੱਚ ਕੈਨੇਡੀਅਨ ਸਰਕਾਰ ਨੂੰ ਸਹਿਯੋਗ ਦੇਵੇ। -ਆਈਏਐੱਨਐੱਸ