ਪਾਕਿਸਤਾਨ ’ਚ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਮੁਜ਼ਾਹਰਾ
ਕੌਂਸਲੇਟ ਦੇ ਬਾਹਰ ਭਾਰੀ ਪੁਲੀਸ ਫੋਰਸ ਤਾਇਨਾਤ; ਕੰਟੇਨਰ ਲਗਾ ਕੇ ਰਾਹ ਰੋਕੇ
ਪਾਕਿਸਤਾਨ ਦੇ ਵਿਦਿਆਰਥੀਆਂ ਤੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨਾਂ ਨੇ ਇਰਾਨ ਦੇ ਸਰਵਉੱਚ ਆਗੂ ਆਇਤੁੱਲਾ ਅਲੀ ਖਮੇਨੇਈ ਦੀ ਹੱਤਿਆ ਅਤੇ ਕਰਾਚੀ ’ਚ ਅਮਰੀਕੀ ਸੁਰੱਖਿਆ ਕਰਮੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਦੇ ਰੋਸ ਵਜੋਂ ਅੱਜ ਲਾਹੌਰ ਸਥਿਤ ਅਮਰੀਕੀ ਕੌਂਸਲੇਟ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਅਮਰੀਕੀ ਕੌਂਸਲੇਟ ਦੇ ਬਾਹਰ ਮਹਿਲਾ ਕਰਮੀਆਂ ਸਣੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਪੁਲੀਸ ਨੇ ਕੌਂਸਲੇਟ ਵੱਲ ਜਾਣ ਵਾਲੇ ਸਾਰੇ ਰਾਹਾਂ ’ਤੇ ਕੰਟੇਨਰ ਵੀ ਲਗਾ ਦਿੱਤੇ ਹਨ।
ਪ੍ਰਗਤੀਸ਼ੀਲ ਵਿਦਿਆਰਥੀਆਂ ਅਤੇ ‘ਔਰਤ ਮਾਰਚ’ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਇਰਾਨ ’ਤੇ ਹਮਲਾ ਕਰਨ ਅਤੇ ਉੱਥੋਂ ਦੇ ਸਰਵਉੱਚ ਆਗੂ ਨੂੰ ਮਾਰਨ ਲਈ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਰਾਚੀ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ਪ੍ਰਦਰਸ਼ਨਕਾਰੀਆਂ ’ਤੇ ਅਮਰੀਕੀ ਸੁਰੱਖਿਆ ਕਰਮੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਵੀ ਨਿੰਦਾ ਕੀਤੀ, ਜਿਸ ਦੇ ਨਤੀਜੇ ਵਜੋਂ ਇੱਕ ਦਰਜਨ ਲੋਕਾਂ ਦੀ ਮੌਤ ਹੋ ਗਈ ਸੀ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਵਿੱਚੋਂ ਅਮਰੀਕੀ ਰਾਜਦੂਤ ਨੂੰ ਤੁਰੰਤ ਕੱਢਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਵਉੱਚ ਆਗੂ ਦੀ ਹੱਤਿਆ ਸਮੁੱਚੇ ਮੁਸਲਿਮ ਭਾਈਚਾਰੇ ਲਈ ਵੱਡਾ ਘਾਟਾ ਹੈ। ਉਨ੍ਹਾਂ ਦਾ ਇੱਕੋ-ਇੱਕ ਕਸੂਰ ਇਰਾਨ ਵਿੱਚ ਸੱਤਾ ਤਬਦੀਲੀ ਤੋਂ ਇਨਕਾਰ ਕਰਨਾ ਸੀ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਤੁਰੰਤ ਜੰਗਬੰਦੀ ਦੀ ਵੀ ਅਪੀਲ ਕੀਤੀ। ਆਇਤੁੱਲਾ ਖਮੇਨੇਈ ਦੀ ਹੱਤਿਆ ਤੋਂ ਬਾਅਦ ਪਾਕਿਸਤਾਨ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ 20 ਤੋਂ ਵੱਧ ਲੋਕ ਮਾਰੇ ਗਏ ਸਨ।

