ਲਾਹੌਰ, 21 ਨਵੰਬਰ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸਮਰਥਕਾਂ ਨੇ ਅੱਜ ਇੱਥੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਰਿਹਾਇਸ਼ ‘ਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਪੀਟੀਆਈ ਪ੍ਰਧਾਨ ਇਮਰਾਨ ਖ਼ਾਨ ਉੱਤੇ ਹਮਲੇ ਅਤੇ ਕੀਨੀਆ ਦੇ ਪੱਤਰਕਾਰ ਅਰਸ਼ਦ ਸ਼ਰੀਫ਼ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਨਵਾਜ਼ ਸ਼ਰੀਫ਼ ਦੀ ਕਥਿਤ ਭੂਮਿਕਾ ਹੋਣ ਦਾ ਦੋਸ਼ ਲਾਉਂਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਇਮਰਾਨ ਦੇ ਸੈਂਕੜੇ ਸਮਰਥਕਾਂ ਨੇ ਸ਼ਰੀਫ਼ ਦੇ ਜਤੀ ਉਮਰਾ ਸਥਿਤ ਰਿਹਾਇਸ਼ ਅੱਗੇ ਧਰਨਾ ਦਿੱਤਾ ਅਤੇ ਟਾਇਰਾਂ ਨੂੰ ਅੱਗ ਲਾਈ। ਇਸ ਦੌਰਾਨ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਹੋਇਆ ਸੀ। ਨਵਾਜ਼ ਸ਼ਰੀਫ਼ ਇਸ ਸਮੇਂ ਲੰਡਨ ਵਿੱਚ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਰੀਫ਼ ਦੇ ਪਰਿਵਾਰਕ ਮੈਂਬਰਾਂ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪੀਐੱਮਐੱਲ-ਐੱਨ ਸੁਪਰੀਮੋ ਨਵਾਜ਼ ਸ਼ਰੀਫ਼ (72) ਨਵੰਬਰ 2019 ਤੋਂ ਲੰਡਨ ਵਿੱਚ ਰਹਿ ਰਹੇ ਹਨ। ਇਸਲਾਮਾਬਾਦ ਹਾਈ ਕੋਰਟ ਵੱਲੋਂ ਅਲ-ਅਜ਼ੀਜ਼ੀਆ ਮਿੱਲਜ਼ ਭ੍ਰਿਸ਼ਟਾਚਾਰ ਕੇਸ ਵਿੱਚ ਮੈਡੀਕਲ ਆਧਾਰ ‘ਤੇ ਜ਼ਮਾਨਤ ਦਿੱਤੇ ਜਾਣ ਮਗਰੋਂ ਸ਼ਰੀਫ਼ ਉੱਥੇ ਹੀ ਰਹਿ ਰਹੇ ਹਨ। -ਪੀਟੀਆਈ