ਪੇਈਚਿੰਗ, 17 ਜਨਵਰੀ
ਚੀਨ ਨੇ ਅੱਜ ਕਿਹਾ ਕਿ ਪਿਛਲੇ ਵਰ੍ਹੇ ਲਗਾਤਾਰ ਤੀਜੇ ਸਾਲ ਉਨ੍ਹਾਂ ਦੀ ਆਬਾਦੀ ਵਿੱਚ ਨਿਘਾਰ ਦਰਜ ਕੀਤਾ ਗਿਆ ਹੈ। ਚੀਨ ਦੀ ਆਬਾਦੀ 2024 ਦੇ ਅੰਤ ’ਚ ਤਕਰੀਬਨ 1.40 ਅਰਬ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 14 ਲੱਖ ਘੱਟ ਹੈ।
ਉੱਧਰ, ਏਸ਼ੀਆ ਵਿੱਚ ਜਪਾਨ ਦੀ ਆਬਾਦੀ ਪਿਛਲੇ 15 ਸਾਲਾਂ ਤੋਂ ਘੱਟ ਰਹੀ ਹੈ ਜਦਕਿ 2021 ਵਿੱਚ ਦੱਖਣੀ ਕੋਰੀਆ ਵਿੱਚ ਆਬਾਦੀ ’ਚ ਨਿਘਾਰ ਦਰਜ ਕੀਤਾ ਗਿਆ ਸੀ। ਇਟਲੀ ਵਿੱਚ ਪਹਿਲੀ ਵਾਰ 19ਵੀਂ ਸਦੀ ’ਚ ਆਬਾਦੀ ਵਿੱਚ ਨਿਘਾਰ ਦਰਜ ਕੀਤਾ ਗਿਆ ਸੀ ਜਦੋਂ ਚਾਰ ਲੱਖ ਦੇ ਕਰੀਬ ਆਬਾਦੀ ਘਟੀ ਸੀ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ 63 ਮੁਲਕਾਂ ਅਤੇ ਪ੍ਰਦੇਸ਼ਾਂ ਦੀ ਆਬਾਦੀ ਸਿਖਰ ’ਤੇ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਅਗਲੇ 30 ਸਾਲਾਂ ਅੰਦਰ 48 ਹੋਰ ਮੁਲਕ ਆਬਾਦੀ ਦੇ ਸਿਖਰ ’ਤੇ ਹੋਣਗੇ। ਆਲਮੀ ਸੰਸਥਾ ਨੇ ਕਿਹਾ ਕਿ ਦੁਨੀਆ ਦੀ ਆਬਾਦੀ ਇਸ ਸਮੇਂ 8.2 ਅਰਬ ਹੈ ਜੋ ਕਿ ਆਉਂਦੇ 60 ਸਾਲਾਂ ਅੰਦਰ 10.3 ਅਰਬ ਨੇੜੇ ਪਹੁੰਚ ਸਕਦੀ ਹੈ ਅਤੇ ਇਸ ਮਗਰੋਂ ਇਸ ਵਿੱਚ ਨਿਘਾਰ ਸ਼ੁਰੂ ਹੋਵੇਗਾ। ਘੱਟਦੀ ਆਬਾਦੀ ਵਾਲੇ ਕਈ ਮੁਲਕਾਂ ਵਿੱਚ ਸਰਕਾਰਾਂ ਨੇ ਬਜ਼ੁਰਗਾਂ ਦੀ ਗਿਣਤੀ ਵਧਣ ਕਾਰਨ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਵਿੱਤੀ ਮਦਦ ਦੇਣੀ ਸ਼ੁਰੂ ਕੀਤੀ ਹੈ। -ਏਪੀ