ਉੱਘੇ ਟਿੱਕ-ਟਾਕ ਸਟਾਰ ਖਾਬੀ ਲੈਮ ਨੇ ਅਮਰੀਕਾ ਛੱਡਿਆ
ਲਾਸ ਵੇਗਾਸ, 11 ਜੂਨ
ਉੱਘੇ ‘ਟਿੱਕ-ਟਾਕ’ ਸਟਾਰ ਖਾਬੀ ਲੈਮ ਨੂੰ ਵੀਜ਼ਾ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਅਮਰੀਕਾ ਵਿੱਚ ਰਹਿਣ ਦੇ ਦੋਸ਼ ਹੇਠ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਮਗਰੋਂ ਅਮਰੀਕਾ ਛੱਡਣਾ ਪਿਆ। ਸੈਨੇਗਲ ਮੂਲ ਦੇ ਇਤਾਲਵੀ ਇਨਫਲੂਐਂਸਰ ਲੈਮ ਦਾ ਅਸਲ ਨਾਮ ਸੇਰਿੰਗੇ ਖਬਾਨੇ ਲੈਮ ਹੈ। ਉਸ ਦੇ ਸੋਸ਼ਲ ਮੀਡੀਆ ’ਤੇ ਲੱਖਾਂ ‘ਫਾਲੋਅਰ’ ਹਨ। ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਨੇ ਇੱਕ ਬਿਆਨ ਵਿੱਚ ਲੈਮ ਦੇ ਅਮਰੀਕਾ ਤੋਂ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੈਮ ਨੂੰ ਸ਼ੁੱਕਰਵਾਰ ਨੂੰ ਹੈਰੀ ਰੀਡ ਕੌਮਾਂਤਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਉਸ ਨੂੰ ਡਿਪੋਰਟ ਦੇ ਆਦੇਸ਼ ਤੋਂ ਬਿਨਾਂ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਗਈ। ਆਈਸੀਈ ਬੁਲਾਰੇ ਨੇ ਕਿਹਾ ਕਿ ਲੈਮ 30 ਅਪਰੈਲ ਨੂੰ ਅਮਰੀਕਾ ਪਹੁੰਚਿਆ ਅਤੇ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਰੁਕਿਆ ਰਿਹਾ। ਇਸ ਖ਼ਬਰ ਏਜੰਸੀ ਨੇ ਲੈਮ ਨੂੰ ਈਮੇਲ ਭੇਜ ਕੇ ਟਿੱਪਣੀ ਮੰਗੀ ਸੀ। ਉਸ ਨੇ ਆਪਣੀ ਹਿਰਾਸਤ ਬਾਰੇ ਜਨਤਕ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। -ਏਪੀ