Ukraine ਦੇ ਹਮਲਿਆਂ ਮਗਰੋਂ Crimea 'ਚ ਆਮ ਲੋਕਾਂ ਲਈ Petrol ਦੀ ਵਿਕਰੀ ਬੰਦ
ਯੂਕਰੇਨੀ ਹਮਲਿਆਂ ਮਗਰੋਂ ਊਰਜਾ ਸੰਕਟ ਡੂੰਘਾ ਹੋਇਆ
ਰੂਸ ਦੇ ਕਬਜ਼ੇ ਵਾਲੇ ਕ੍ਰਾਇਮੀਆ ਵਿੱਚ ਯੂਕਰੇਨ ਵੱਲੋਂ ਤੇਲ ਸਪਲਾਈ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਮਗਰੋਂ ਪ੍ਰਸ਼ਾਸਨ ਨੇ ਆਮ ਲੋਕਾਂ ਲਈ ਪੈਟਰੋਲ ਦੀ ਵਿਕਰੀ ਉੱਤੇ ਪਾਬੰਦੀ ਲਾ ਦਿੱਤੀ ਹੈ। ਕਰੈਮਲਿਨ ਵੱਲੋਂ ਨਿਯੁਕਤ ਗਵਰਨਰ ਸਰਗੇਈ ਅਕਸਿਓਨੋਵ ਨੇ ਦੱਸਿਆ ਕਿ ਰਾਤ ਨੂੰ ਕੀਤੇ ਗਏ ਯੂਕਰੇਨੀ ਹਮਲਿਆਂ ਵਿੱਚ ਚਾਰ ਵਿਅਕਤੀ ਮਾਰੇ ਗਏ ਅਤੇ 28 ਹੋਰ ਜ਼ਖ਼ਮੀ ਹੋਏ ਹਨ। ਰੂਸੀ ਅਧਿਕਾਰੀਆਂ ਅਨੁਸਾਰ ਡਰੋਨ ਹਮਲੇ ਕਾਰਨ ਕਾਲਾ ਸਾਗਰ ਤੇਲ ਟਰਮੀਨਲ ਵਿੱਚ ਅੱਗ ਲੱਗ ਗਈ ਅਤੇ ਕਿਸ਼ਤੀ ’ਤੇ ਹੋਏ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਗਵਰਨਰ ਨੇ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਕਿ ਸਥਾਨਕ ਪੈਟਰੋਲ ਪੰਪ ਅਗਲੇ ਹੁਕਮਾਂ ਤੱਕ ਗ਼ੈਰ-ਸਰਕਾਰੀ ਕੰਪਨੀਆਂ ਅਤੇ ਆਮ ਨਾਗਰਿਕਾਂ ਨੂੰ ਤੇਲ ਨਹੀਂ ਵੇਚਣਗੇ। ਪੈਟਰੋਲ ਪੰਪ ਸਿਰਫ਼ ਉਨ੍ਹਾਂ ਸਰਕਾਰੀ ਵਿਭਾਗਾਂ ਨੂੰ ਹੀ ਤੇਲ ਦੇਣਗੇ ਜੋ ਕ੍ਰਾਇਮੀਆ ਦੇ ਕੰਮਕਾਜ ਅਤੇ ਸੁਰੱਖਿਆ ਯਕੀਨੀ ਬਣਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਉਨ੍ਹਾਂ ਦੀ ਫ਼ੌਜ ਨੇ ਕ੍ਰਾਇਮੀਆ ਦੇ ਤੇਲ ਡਿਪੂ ਅਤੇ ਦੱਖਣੀ ਰੂਸ ਦੇ ਕ੍ਰਾਸਨੋਦਾਰ ਵਿੱਚ ਤੇਲ ਟ੍ਰਾਂਸਪੋਰਟ ਨੂੰ ਨਿਸ਼ਾਨਾ ਬਣਾਇਆ ਹੈ। ਯੂਕਰੇਨ ਵੱਲੋਂ ਤੇਲ ਡਿਪੂਆਂ ’ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਕ੍ਰਾਇਮੀਆ ਵਿੱਚ ਊਰਜਾ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ, ਜੋ 2014 ਵਿੱਚ ਰੂਸੀ ਕਬਜ਼ੇ ਮਗਰੋਂ ਸਭ ਤੋਂ ਗੰਭੀਰ ਹੈ। ਕ੍ਰਾਇਮੀਆ ਵਿੱਚ ਤੇਲ ਦੀ ਘਾਟ ਕਾਰਨ ਵਾਹਨ ਚਾਲਕਾਂ ਨੂੰ ਵੱਡੇ ਪੱਧਰ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਲੋਕ ਦੁੱਗਣੀ ਕੀਮਤ ’ਤੇ ਤੇਲ ਖ਼ਰੀਦਣ ਲਈ ਮਜਬੂਰ ਹਨ।

