ਨੌਜਵਾਨਾਂ (ਜੈੱਨ ਜ਼ੀ) ਦੀ ਅਗਵਾਈ ਹੇਠ ਸਾਲ ਪਹਿਲਾਂ ਹੋਈ ਬਗ਼ਾਵਤ ਮਗਰੋਂ ਨੇਪਾਲ ’ਚ ਵੀਰਵਾਰ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਮੁਤਾਬਕ ਨੇਪਾਲ ’ਚ ਕਰੀਬ ਇਕ ਕਰੋੜ 90 ਲੱਖ ਰਜਿਸਟਰਡ ਵੋਟਰ ਹਨ ਜਿਨ੍ਹਾਂ ’ਚੋਂ ਕਰੀਬ 9 ਲੱਖ 24 ਹਜ਼ਾਰ ਔਰਤਾਂ ਹਨ। ਨਵੰਬਰ 2022 ’ਚ ਹੋਈਆਂ ਸੰਸਦੀ ਚੋਣਾਂ ਮਗਰੋਂ ਰਜਿਸਟਰਡ ਵੋਟਰਾਂ ਦੀ ਗਿਣਤੀ ਕਰੀਬ 10 ਲੱਖ ਵਧ ਗਈ ਹੈ।
ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੇ ਨੌਜਵਾਨ ਵੋਟਰਾਂ ਨੂੰ ਭਰਮਾਉਣ ਲਈ ਕਈ ਵਾਅਦੇ ਕੀਤੇ ਹਨ ਜਿਨ੍ਹਾਂ ’ਚ ਭ੍ਰਿਸ਼ਟਾਚਾਰ ’ਤੇ ਨੱਥ ਪਾਉਣ, ਸਰਕਾਰ ਦੇ ਕੰਮਕਾਜ ’ਚ ਸੁਧਾਰ ਆਦਿ ਮੁੱਦੇ ਸ਼ਾਮਲ ਹਨ। ਸੰਸਦ ਦੇ ਤਾਕਤਵਰ ਹੇਠਲੇ ਸਦਨ ਪ੍ਰਤੀਨਿਧ ਸਭਾ ਲਈ ਵੋਟਰ 165 ਮੈਂਬਰਾਂ ਦੀ ਸਿੱਧੇ ਤੌਰ ’ਤੇ ਚੋਣ ਕਰਨਗੇ; ਬਾਕੀ 110 ਸੀਟਾਂ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਦੀ ਗਿਣਤੀ ਦੇ ਆਧਾਰ ’ਤੇ ਨਾਮਜ਼ਦਗੀ ਰਾਹੀਂ ਭਰੀਆਂ ਜਾਣਗੀਆਂ। ਨੇਪਾਲ ’ਚ ਬੀਤੇ ਦੋ ਦਹਾਕਿਆਂ ’ਚ ਗੱਠਜੋੜ ਸਰਕਾਰਾਂ ਹੀ ਕਾਇਮ ਹੁੰਦੀਆਂ ਆਈਆਂ ਹਨ। ਕਾਠਮੰਡੂ ਦੇ ਸਾਬਕਾ ਮੇਅਰ ਅਤੇ ਰੈਪਰ ਬਲੇਂਦਰ ਸ਼ਾਹ ਨੂੰ 2022 ’ਚ ਬਣੀ ਨੈਸ਼ਨਲ ਇੰਡੀਪੈਂਡਟ ਪਾਰਟੀ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਮੈਦਾਨ ’ਚ ਨੇਪਾਲੀ ਕਾਂਗਰਸ ਅਤੇ ਕਮਿਊਨਿਸਟ ਪਾਰਟੀ ਆਫ ਨੇਪਾਲ (ਯੂਨੀਫਾਈਡ ਮਾਰਕਸਿਸਟ ਲੈਨਿਨਿਸਟ) ਪਾਰਟੀ ਦੇ ਉਮੀਦਵਾਰ ਵੀ ਹਨ ਪਰ ਲੋਕ ਉਨ੍ਹਾਂ ਤੋਂ ਨਾਰਾਜ਼ ਚੱਲ ਰਹੇ ਹਨ। ਜਦੋਂ ਇਕ ਸਾਲ ਪਹਿਲਾਂ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ ਤਾਂ ਉਸ ਸਮੇਂ ਇਹ ਪਾਰਟੀਆਂ ਹੁਕਮਰਾਨ ਗੱਠਜੋੜ ’ਚ ਸ਼ਾਮਲ ਸਨ। ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਦੇਸ਼ ਅੰਦਰ ਵੱਡੀ ਗਿਣਤੀ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਬਲਾਂ ਵੱਲੋਂ ਨੇਪਾਲ ਦੀਆਂ ਭਾਰਤ ਨਾਲ ਲਗਦੀਆਂ ਹੱਦਾਂ ਦੀ ਸੀਲ ਕਰ ਦਿੱਤੀਆਂ ਗਈਆਂ ਹਨ।

