ਇਸਲਾਮਾਬਾਦ: ਪਾਕਿਸਤਾਨ ਨੇ ਅੱਜ ਭਾਰਤੀ ਹਾਈ ਕਮਿਸ਼ਨ ਦੇ ਸੀਨੀਅਰ ਕੂਟਨੀਤਕ ਨੂੰ ਤਲਬ ਕਰ ਕੇ ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਕਥਿਤ ਊਲੰਘਣਾ ਖਿਲਾਫ਼ ਰੋਸ ਦਰਜ ਕਰਵਾਇਆ। ਵਿਦੇਸ਼ ਦਫ਼ਤਰ ਨੇ ਬਿਆਨ ’ਚ ਕਿਹਾ ਕਿ ਰੱਖਚਿਕੜੀ ਸੈਕਟਰ ’ਚ ਅੰਨ੍ਹੇਵਾਹ ਅਤੇ ਬਿਨਾਂ ਭੜਕਾਹਟ ਦੇ ਕੀਤੀ ਗਈ ਗੋਲੀਬਾਰੀ ’ਚ ਪਾਕਿਸਤਾਨ ਦਾ ਇਕ ਨਾਗਰਿਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਬਿਆਨ ’ਚ ਦੋਸ਼ ਲਾਇਆ ਗਿਆ ਕਿ ਭਾਰਤੀ ਫ਼ੌਜ ਕਾਰਜਸ਼ੀਲ ਸਰਹੱਦ ’ਤੇ ਲਗਾਤਾਰ ਆਬਾਦੀ ਵਾਲੇ ਇਲਾਕਿਆਂ ’ਚ ਤੋਪਾਂ, ਮੋਰਟਾਰਾਂ ਅਤੇ ਆਟੋਮੈਟਿਕ ਹਥਿਆਰਾਂ ਨਾਲ ਗੋਲਾਬਾਰੀ ਕਰ ਰਹੀ ਹੈ। ਊਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਹੁਣ ਤੱਕ ਗੋਲੀਬੰਦੀ ਦੀ ਊਲੰਘਣਾ ਦੀਆਂ 2158 ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ’ਚ 17 ਵਿਅਕਤੀ ਮਾਰੇ ਗਏ ਅਤੇ 168 ਹੋਰ ਜ਼ਖ਼ਮੀ ਹੋਏ ਹਨ।
-ਪੀਟੀਆਈ