ਕਰਾਚੀ, 7 ਸਤੰਬਰ
ਫਿਰੌਤੀ ਲਈ ਹਿੰਦੂ ਕਾਰੋਬਾਰੀਆਂ ਤੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ’ਚ ਵਾਧੇ ਖ਼ਿਲਾਫ਼ ਸਿੰਧ ਸੂਬੇ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਹਿੰਦੂਆਂ ਤੇ ਹੋਰ ਭਾਈਚਾਰੇ ਦੇ ਲੋਕਾਂ ’ਤੇ ਪੁਲੀਸ ਨੇ ਲਾਠੀਚਾਰਜ ਕੀਤਾ ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ।
ਦੱਖਣੀ ਸਿੰਧ ਸੂਬੇ ਕਾਸ਼ਮੋਰ ’ਚ ਡਕੈਤਾਂ ਵੱਲੋਂ ਘੱਟ ਗਿਣਤੀ ਭਾਈਚਾਰੇ ਦੇ ਕੁਝ ਮੈਂਬਰਾਂ ਨੂੰ ਅਗਵਾ ਕੀਤੇ ਜਾਣ ਦੇ ਰੋਸ ਵਜੋਂ ਇਹ ਲੋਕ 1 ਸਤੰਬਰ ਤੋਂ ਰੋਸ ਮੁਜ਼ਾਹਰੇ ਕਰ ਰਹੇ ਹਨ।
ਅੱਜ ਜਦੋਂ ਮੁਜ਼ਾਹਰਾਕਾਰੀਆਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਿੰਧੂ ਸੂਬੇ ’ਤੇ ਰਾਜ ਕਰਨ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਇੱਕ ਆਗੂ ਦੇ ਦਖਲ ਦੇ ਬਾਵਜੂਦ ਸੰਘਰਸ਼ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੁਲੀਸ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ। ਇੱਕ ਵਿਅਕਤੀ ਨੇ ਦੱਸਿਆ, ‘ਪੀਪੀਪੀ ਦੇ ਆਗੂ ਅਹਿਸਾਨ ਮਜ਼ਾਰੀ ਨੇ ਮੁਜ਼ਾਹਰਾਕਾਰੀਆਂ ਨੂੰ ਮਿਲ ਕੇ ਉਨ੍ਹਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਅਤੇ ਇੱਥੋਂ ਤੱਕ ਕਿ ਡਕੈਤਾਂ ਦੇ ਕਬਜ਼ੇ ’ਚੋਂ ਦੋ ਹਿੰਦੂ ਕਾਰੋਬਾਰੀ ਰਿਹਾਅ ਵੀ ਕਰਵਾ ਲਏ ਗਏ।’ ਉਨ੍ਹਾਂ ਕਿਹਾ ਕਿ ਦੋ ਵਿਅਕਤੀ ਦੀ ਰਿਹਾਈ ਮਗਰੋਂ ਮਜ਼ਾਰੀ ਨੇ ਮੁਜ਼ਾਹਰਾਕਾਰੀਆਂ ਨੂੰ ਸੰਘਰਸ਼ ਖਤਮ ਕਰਨ ਲਈ ਕਹਿੰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਹੋਰਾਂ ਨੂੰ ਵੀ ਜਲਦੀ ਛੁਡਵਾ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਮੁਜ਼ਾਹਰਾਕਾਰੀਆਂ ਦੇ ਡਟੇ ਰਹਿਣ ਕਾਰਨ ਪੁਲੀਸ ਨੇ ਲਾਠੀਚਾਰਜ ਕੀਤਾ ਜਿਸ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਅਜੇ ਵੀ ਥੋੜ੍ਹੀ ਜਿਹੀ ਗਿਣਤੀ ’ਚ ਲੋਕ ਰੋਸ ਮੁਜ਼ਾਹਰਾ ਕਰ ਰਹੇ ਹਨ। -ਪੀਟੀਆਈ