Pakistan: ਬਲੂਚਿਸਤਾਨ 'ਚ ਹੋਏ ਹਮਲੇ 'ਚ ਜੱਜ ਅਤੇ ਸੁਰੱਖਿਆ ਕਰਮੀ ਦੀ ਮੌਤ
ਮਸਤੁੰਗ ਇਲਾਕੇ ਵਿੱਚ ਤਿੰਨ ਅਤਿਵਾਦੀਆਂ ਨੂੰ ਮਾਰ ਗਿਰਾਇਆ : ਪਾਕਿਸਤਾਨੀ ਫੌਜ
ਪਾਕਿਸਤਾਨ ਦੇ ਬਲੂਚਿਸਤਾਨ ਪ੍ਰਾਂਤ ਦੇ ਮਸਤੁੰਗ ਇਲਾਕੇ ਵਿੱਚ ਵੀਰਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਇੱਕ ਕਾਫ਼ਲੇ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਜੱਜ ਦੀ ਮੌਤ ਹੋ ਗਈ ਅਤੇ ਇੱਕ ਹੋਰ ਜੱਜ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਹਮਲੇ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਬਦੁਲ ਹਕੀਮ ਕਾਕੜ ਅਤੇ ਉਨ੍ਹਾਂ ਦੇ ਸੁਰੱਖਿਆ ਕਰਮੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਬਲੂਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਦੱਸਿਆ ਕਿ ਜੱਜ ਕਾਕੜ ਅਤੇ ਵਧੀਕ ਸੈਸ਼ਨ ਜੱਜ ਤਾਰਿਕ ਲਸ਼ਾਰੀ, ਅਦਾਲਤੀ ਸੁਣਵਾਈ ਲਈ ਬਲੂਚਿਸਤਾਨ ਦੀ ਰਾਜਧਾਨੀ ਕੁਏਟਾ ਤੋਂ ਮਸਤੁੰਗ ਜਾ ਰਹੇ ਸਨ, ਉਦੋਂ ਹੀ ਉਨ੍ਹਾਂ ਦੇ ਵਾਹਨਾਂ 'ਤੇ ਹਮਲਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜੱਜ ਲਸ਼ਾਰੀ ਸਮੇਤ ਦੋ ਲੋਕ ਜ਼ਖ਼ਮੀ ਹੋ ਗਏ।
ਘਟਨਾ ਮੰਗਲਵਾਰ ਰਾਤ ਮਸਤੁੰਗ ਦੇ ਖੁਦ ਕੋਚਾ ਇਲਾਕੇ ਦੇ ਨੇੜੇ ਕੁਏਟਾ-ਕਰਾਚੀ ਰਾਜਮਾਰਗ 'ਤੇ ਸ਼ੱਕੀ ਬਾਗੀਆਂ ਦੁਆਰਾ ਇੱਕ ਵਾਹਨ 'ਤੇ ਗੋਲੀਬਾਰੀ ਕੀਤੇ ਜਾਣ ਦੇ ਦੋ ਦਿਨ ਬਾਅਦ ਹੋਈ। ਇਸ ਹਮਲੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਬੱਚੇ ਜ਼ਖ਼ਮੀ ਹੋਏ ਸਨ।
ਬਾਗੀਆਂ ਨੇ ਇਸੇ ਇਲਾਕੇ ਵਿੱਚ ਇੱਕ ਪੁਲ ਨੂੰ ਵੀ ਉਡਾ ਦਿੱਤਾ ਸੀ। ਇਸ ਤੋਂ ਬਾਅਦ ਬਲੂਚਿਸਤਾਨ ਦੇ ਗ੍ਰਹਿ ਵਿਭਾਗ ਨੇ ਖੇਤਰ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਰਾਤ ਤੋਂ ਮਸਤੁੰਗ ਜ਼ਿਲ੍ਹੇ ਦੀ ਖੁਡ ਕੋਚਾ ਉਪ-ਤਹਿਸੀਲ ਵਿੱਚ ਅਣਮਿੱਥੇ ਸਮੇਂ ਲਈ ਕਰਫ਼ਿਊ ਲਗਾ ਦਿੱਤਾ ਸੀ।
ਫੌਜ ਦੀ ਮੀਡੀਆ ਸ਼ਾਖਾ 'ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼' (ISPR) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਮਸਤੁੰਗ ਇਲਾਕੇ ਵਿੱਚ ਤਿੰਨ ਅਤਿਵਾਦੀਆਂ ਨੂੰ ਮਾਰ ਗਿਰਾਇਆ ਅਤੇ ਦੋ ਔਰਤ ਆਤਮਘਾਤੀ ਹਮਲਾਵਰਾਂ ਅਤੇ ਉਨ੍ਹਾਂ ਦੇ ਮਦਦਗਾਰ ਨੂੰ ਗ੍ਰਿਫ਼ਤਾਰ ਕਰ ਲਿਆ।

