Pakistan: ਖੈ਼ਬਰ ਪਖਤੂਨਖਵਾ ’ਚ ਐਮਰਜੈਂਸੀ ਦੇ ਫੈ਼ਸਲੇ ਨੂੰ ਚੁਣੌਤੀ
ਪਟੀਸ਼ਨ ਦਾਇਰ ਕਰ ਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਰਾਜਪਾਲ ਨੂੰ ਧਿਰ ਬਣਾਿੲਆ; ਸਰਕਾਰ ’ਤੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼
ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਐਮਰਜੈਂਸੀ ਅਤੇ ਗਵਰਨਰੀ ਸ਼ਾਸਨ ਲਾਗੂ ਕਰਨ ਦੇ ਫੈਸਲੇ ਦੇ 24 ਘੰਟਿਆਂ ਦੇ ਅੰਦਰ-ਅੰਦਰ, ਅੱਜ ਪਿਸ਼ਾਵਰ ਹਾਈ ਕੋਰਟ ਵਿੱਚ ਇਸ ਨੂੰ ਚੁਣੌਤੀ ਦਿੰਦੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਐਡਵੋਕੇਟ ਸਲਮਾਨ ਵੱਲੋਂ ਦਾਇਰ ਕੀਤੀ ਗਈ ਹੈ ਜਿਸ ਵਿੱਚ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਖੈਬਰ ਪਖਤੂਨਖਵਾ ਦੇ ਗਵਰਨਰ ਫੈਜ਼ਲ ਕਰੀਮ ਕੁੰਡੀ ਨੂੰ ਪ੍ਰਤੀਵਾਦੀ ਬਣਾਇਆ ਗਿਆ ਹੈ। ਪਟੀਸ਼ਨਰ ਨੇ ਦਲੀਲ ਦਿੱਤੀ ਕਿ ਸੂਬੇ ਵਿੱਚ ਐਮਰਜੈਂਸੀ ਅਤੇ ਗਵਰਨਰ ਸ਼ਾਸਨ ਲਗਾਉਣਾ ਗੈਰ-ਸੰਵਿਧਾਨਕ, ਗੈਰ-ਕਾਨੂੰਨੀ ਅਤੇ ਬਦਨੀਤੀ ਵਾਲਾ ਫੈਸਲਾ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਕਦਮ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਅਤੇ ਲੋਕਾਂ ਦੇ ਲੋਕਤੰਤਰੀ ਫ਼ਤਵੇ ਨੂੰ ਕਮਜ਼ੋਰ ਕਰਦਾ ਹੈ। ਰਾਸ਼ਟਰਪਤੀ ਦੇ ਐਲਾਨਨਾਮੇ ਅਨੁਸਾਰ, ਰਾਸ਼ਟਰਪਤੀ ਜ਼ਰਦਾਰੀ ਨੇ ਐਤਵਾਰ ਨੂੰ ਸੰਵਿਧਾਨ ਦੀ ਧਾਰਾ 232(1) ਅਤੇ 234(1) ਤਹਿਤ ਇੱਕ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਉੱਤਰ-ਪੱਛਮੀ ਸੂਬੇ ’ਚ ਵਧ ਰਹੇ ਅਤਿਵਾਦੀ ਹਮਲਿਆਂ ਅਤੇ ਸੰਵਿਧਾਨਕ ਢਾਂਚੇ ਦੇ ਠੱਪ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਕਈ ਵਿਰੋਧੀ ਨੇਤਾਵਾਂ ਨੇ ਵੀ ਖੈਬਰ ਪਖਤੂਨਖਵਾ ਵਿੱਚ ਗਵਰਨਰ ਸ਼ਾਸਨ ਅਤੇ ਐਮਰਜੈਂਸੀ ਲਾਉਣ ਦੇ ਫੈਸਲੇ ਨੂੰ ਅਦਾਲਤ ’ਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਇਸਲਾਮਾਬਾਦ ਵਿੱਚ ਅੱਜ ਹੋਈ ਇੱਕ ਮੀਟਿੰਗ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੇ ਚੇਅਰਮੈਨ ਬੈਰਿਸਟਰ ਗੌਹਰ ਅਲੀ ਖਾਨ, ਕੌਮੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਮਹਿਮੂਦ ਖਾਨ ਅਚਕਜ਼ਈ ਅਤੇ ਜਨਰਲ ਸਕੱਤਰ ਬੈਰਿਸਟਰ ਸਲਮਾਨ ਅਕਰਮ ਰਾਜਾ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਸੂਬੇ ਵਿੱਚ ਰਾਜਪਾਲ ਸ਼ਾਸਨ ਅਤੇ ਐਮਰਜੈਂਸੀ ਲਾਉਣ ਤੇ ਉਸ ਤੋਂ ਬਾਅਦ ਦੇ ਬਣੇ ਹਾਲਾਤ ਬਾਰੇ ਚਰਚਾ ਕੀਤੀ।
ਕੇ ਪੀ ਕੇ ਦੇ ਸਾਬਕਾ ਮੁੱਖ ਮੰਤਰੀ ਨੂੰ ਹਿਰਾਸਤ ’ਚ ਲਿਆ
ਪਿਸ਼ਾਵਰ: ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਪੁਲੀਸ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੇ ਸੱਤ ਹੋਰ ਆਗੂਆਂ ਨੂੰ ਸੁਰੱਖਿਆ ਹਿਰਾਸਤ ਵਿੱਚ ਲੈ ਲਿਆ ਹੈ। ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਐਤਵਾਰ ਨੂੰ ਉੱਤਰ-ਪੱਛਮੀ ਸੂਬੇ ਵਿੱਚ ਐਮਰਜੈਂਸੀ ਲਾਗੂ ਹੁੰਦੇ ਹੀ ਅਫ਼ਰੀਦੀ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਨਾਲ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ ਟੀ ਆਈ ਦੀ ਸੂਬਾਈ ਸਰਕਾਰ ਦਾ ਅੰਤ ਹੋ ਗਿਆ। ਇਹ ਐਮਰਜੈਂਸੀ ਉਸ ਸਮੇਂ ਲਾਈ ਗਈ ਜਦੋਂ ਪੀ ਟੀ ਆਈ ਵੱਲੋਂ ਅਫ਼ਰੀਦੀ ਦੀ ਅਗਵਾਈ ਹੇਠ ਇੱਕ ਵਿਰੋਧ ਮਾਰਚ ਕੀਤਾ ਜਾ ਰਿਹਾ ਸੀ ਜਿਸ ਵਿੱਚ ਖਾਨ ਦੀ ਰਿਹਾਈ ਅਤੇ ਉਨ੍ਹਾਂ ਦੇ ਇਲਾਜ ਤੱਕ ਪਹੁੰਚ ਦੀ ਮੰਗ ਕੀਤੀ ਜਾ ਰਹੀ ਸੀ। ਹਿਰਾਸਤ ਵਿੱਚ ਲਏ ਵਿਅਕਤੀਆਂ ’ਚ ਸਪੀਕਰ ਬਾਬਰ ਸਲੀਮ ਸਵਾਤੀ ਸ਼ਾਮਲ ਹਨ। -ਪੀਟੀਆਈ

