ਪਾਕਿਸਤਾਨ ਦਾ ਦਾਅਵਾ: ਅਫਗਾਨਿਸਤਾਨ ਵਿੱਚ ਹਵਾਈ ਹਮਲਿਆਂ ਦੌਰਾਨ 28 ਅਤਿਵਾਦੀਆਂ ਨੂੰ ਮਾਰ ਮੁਕਾਇਆ
ਹਵਾਈ ਹਮਲਿਆਂ ਮਗਰੋਂ ਕਾਬੁਲ ਵੱਲੋਂ ਜਵਾਬੀ ਕਾਰਵਾਈ ਦੀ ਚਿਤਾਵਨੀ
ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਸੋਮਵਾਰ ਨੂੰ ਪੂਰਬੀ ਅਫ਼ਗ਼ਾਨਿਸਤਾਨ ਵਿੱਚ ਕੁਝ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ, ਜਿਨ੍ਹਾਂ ਨੂੰ ਪਾਕਿਸਤਾਨ ਸੁਰੱਖਿਆ ਅਧਿਕਾਰੀਆਂ ਨੇ ਸ਼ੱਕੀ ਅਤਿਵਾਦੀਆਂ ਦੇ ਟਿਕਾਣੇ ਦੱਸਿਆ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਹਮਲਿਆਂ ਵਿੱਚ 28 ਅਤਿਵਾਦੀ ਮਾਰੇ ਗਏ।
ਦੂਜੇ ਪਾਸੇ ਕਾਬੁਲ ਦੇ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋਈ ਹੈ।
ਦੋਵਾਂ ਦੇਸ਼ਾਂ ਦੀ ਸਰਹੱਦ ਨੇੜੇ ਹੋਏ ਇਨ੍ਹਾਂ ਹਮਲਿਆਂ ਨਾਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦਰਮਿਆਨ ਤਣਾਅ ਮੁੜ ਵੱਧ ਗਿਆ ਹੈ। ਇਸ ਨਾਲ ਸਰਹੱਦ ਪਾਰ ਹੋਰ ਟਕਰਾਅ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ ਅਤੇ ਚੀਨ ਸਮੇਤ ਖੇਤਰ ਦੇ ਦੇਸ਼ਾਂ ਵੱਲੋਂ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿਚਕਾਰ ਵਿਚੋਲਗੀ ਦੀਆਂ ਕੋਸ਼ਿਸ਼ਾਂ ’ਤੇ ਵੀ ਅਸਰ ਪੈ ਸਕਦਾ ਹੈ।
ਇਹ ਹਮਲੇ ਪਾਕਿਸਤਾਨ ਦੀ ਉਸ ਚਿਤਾਵਨੀ ਤੋਂ ਬਾਅਦ ਕੀਤੇ ਗਏ ਹਨ ਜਿਸ ਵਿੱਚ ਉਸ ਨੇ ਸਰਹੱਦ ਨੇੜੇ ਹਾਲ ਹੀ ਵਿੱਚ ਆਪਣੇ ਸੁਰੱਖਿਆ ਬਲਾਂ ’ਤੇ ਹੋਏ ਦੋ ਘਾਤਕ ਹਮਲਿਆਂ ਤੋਂ ਬਾਅਦ ਅਫ਼ਗ਼ਾਨਿਸਤਾਨ ਦੇ ਅੰਦਰ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ।
ਪਾਕਿਸਤਾਨ ਵਿੱਚ ਪੁਲੀਸ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਅਤਿਵਾਦੀਆਂ ਦੇ ਹਮਲਿਆਂ ਵਿੱਚ ਹਾਲੀਆ ਸਾਲਾਂ 'ਚ ਵਾਧਾ ਹੋਇਆ ਹੈ। ਹਮਲਿਆਂ ਵਿੱਚ ਇਹ ਵਾਧਾ ਕਈ ਮਹੀਨਿਆਂ ਤੋਂ ਜਾਰੀ ਫ਼ੌਜੀ ਕਾਰਵਾਈ ਤੋਂ ਬਾਅਦ ਹੋਇਆ ਹੈ। ਫ਼ਰਵਰੀ ਤੋਂ ਸਰਹੱਦ ਪਾਰ ਸੰਘਰਸ਼ ਵਿੱਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਫ਼ਰਵਰੀ ਵਿੱਚ ਪਾਕਿਸਤਾਨ ਨੇ ਅਫ਼ਗ਼ਾਨ ਇਲਾਕੇ ਵਿੱਚ ਹਵਾਈ ਹਮਲੇ ਕੀਤੇ ਸਨ, ਜਿਸ ਦੇ ਜਵਾਬ ਵਿੱਚ ਅਫ਼ਗ਼ਾਨਿਸਤਾਨ ਨੇ ਜਵਾਬੀ ਹਮਲੇ ਕੀਤੇ ਸਨ।
ਇਸਲਾਮਾਬਾਦ ਵਿੱਚ ਅਧਿਕਾਰੀਆਂ ਨੇ ਹਿੰਸਾ ਦੀਆਂ ਜ਼ਿਆਦਾਤਰ ਘਟਨਾਵਾਂ ਲਈ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਅਤੇ ਉਸ ਨਾਲ ਜੁੜੇ ਅਤਿਵਾਦੀ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟੀ ਟੀ ਪੀ 2021 ਵਿੱਚ ਸੱਤਾ ਵਿੱਚ ਪਰਤੇ ਅਫ਼ਗ਼ਾਨ ਤਾਲਿਬਾਨ ਤੋਂ ਵੱਖਰਾ ਸੰਗਠਨ ਹੈ, ਹਾਲਾਂਕਿ ਦੋਵੇਂ ਇੱਕ ਦੂਜੇ ਦੇ ਸਹਿਯੋਗੀ ਹਨ।
ਪਾਕਿਸਤਾਨ ਦੇ ਦੋ ਸੁਰੱਖਿਆ ਅਧਿਕਾਰੀਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਸੋਮਵਾਰ ਨੂੰ ਹੋਏ ਹਵਾਈ ਹਮਲਿਆਂ ਵਿੱਚ 28 ਸ਼ੱਕੀ ਅਤਿਵਾਦੀ ਮਾਰੇ ਗਏ। ਹਾਲਾਂਕਿ, ਅਫ਼ਗ਼ਾਨਿਸਤਾਨ ਸਰਕਾਰ ਨੇ ਕਿਹਾ ਕਿ ਹਮਲਿਆਂ ਵਿੱਚ ਤਿੰਨ ਆਮ ਨਾਗਰਿਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਦੇ ਦਾਅਵਿਆਂ ਦੀ ਤੁਰੰਤ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ।
ਅਫ਼ਗ਼ਾਨ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ’ਤੇ ਇੱਕ ਪੋਸਟ ਵਿੱਚ ਇਨ੍ਹਾਂ ਹਵਾਈ ਹਮਲਿਆਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਦਾ ਜਵਾਬ ਦਿੱਤਾ ਜਾਵੇਗਾ।
ਇਹ ਹਵਾਈ ਹਮਲੇ ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰ-ਪੱਛਮੀ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਹੰਗੂ ਜ਼ਿਲ੍ਹੇ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫ਼ੌਜ ਦੇ ਦੋ ਅਧਿਕਾਰੀਆਂ ਸਮੇਤ ਛੇ ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ ਦੇ ਮਾਰੇ ਜਾਣ ਤੋਂ ਇੱਕ ਦਿਨ ਬਾਅਦ ਕੀਤੇ ਗਏ।
ਇਹ ਹਮਲੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਕੋਹਾਟ ਸ਼ਹਿਰ ਵਿੱਚ ਹੋਏ ਘਾਤਕ ਹਮਲੇ ਤੋਂ ਬਾਅਦ ਵੀ ਹੋਏ ਹਨ, ਜਿੱਥੇ ਇੱਕ ਆਤਮਘਾਤੀ ਹਮਲਾਵਰ ਨੇ ਪੁਲੀਸ ਕੰਪਲੈਕਸ ਦੇ ਅੰਦਰ ਸਥਿਤ ਇੱਕ ਮਸਜਿਦ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਅੱਠ ਬੰਦੂਕਧਾਰੀਆਂ ਨੇ ਦਫ਼ਤਰਾਂ ’ਤੇ ਹੱਲਾ ਬੋਲ ਕੇ 20 ਘੰਟੇ ਤੱਕ ਗੋਲੀਬਾਰੀ ਕੀਤੀ ਸੀ। ਪਾਕਿਸਤਾਨੀ ਅਧਿਕਾਰੀਆਂ ਅਨੁਸਾਰ, ਇਸ ਹਮਲੇ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚ ਜ਼ਿਆਦਾਤਰ ਪੁਲੀਸ ਅਧਿਕਾਰੀ ਸਨ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋਏ।

